ਰੇਮੰਡ ਵਿਲੀਅਮਜ਼ ਦਾ ਸਭਿਆਚਾਰ ਸ਼ਾਸਤਰ
ਰੇਮੰਡ ਹੈਨਰੀ ਵਿਲੀਅਮਜ਼ ਦਾ ਸਭਿਆਚਾਰ ਦੀ ਸਮਝ ਜਾ ਸਿਧਾਂਤਕਾਰੀ ਦਾ ਸਮੁੱਚਾ ਸਿਧਾਂਤਕ ਚੌਖਟਾ , ਮੁੱਖ ਰੂਪ ਵਿਚ ਉਸ ਦੁਆਰਾ ਕਾਰਲ ਮਾਰਕਸ ਦੀਆਂ ਦੋ ਮਹੱਤਵਪੂਰਣ ਅਤੇ ਮੂਲਭੂਤ ਸੰਕਲਪਨਾਵਾਂ , ਇਤਿਹਾਸਕ ਪਦਾਰਥਵਾਦ ( Historical Materialism ) ਅਤੇ ਆਧਾਰ ਅਤੇ ਪਰਉਸਾਰ ( Base and Superstructure ) ਦੀ ਨਵੇਂ ਸਮਾਜਿਕ - ਆਰਥਿਕ ਪਰਿਪੇਖ ਵਿੱਚ , ਵੱਖਰੇ ਮੌਲਿਕ ਢੰਗ ਅਤੇ ਦ੍ਰਿਸ਼ਟੀਕੋਣ ਤੋਂ ਕੀਤੀ ਗਈ ਭਾਵਪੂਰਤ ਵਿਆਖਿਆ ਤੇ ਆਧਾਰਿਤ ਹੈ । ਰੈਮੰਡ ਵਿਲੀਅਮਜ਼ ਇੱਕ ਗਤੀਸ਼ੀਲ , ਖੁੱਲ੍ਹ - ਦਿਲਾ ਅਤੇ ਵਿਵੇਕਸ਼ੀਲ ਮਾਰਕਸਵਾਦੀ ਸੀ ।
20 ਵੀਂ ਸਦੀ ਦੇ ਪੰਜਵੇਂ ਅਤੇ ਛੇਵੇਂ ਦਹਾਕੇ ਦੇ ਗਰੇਟ ਬ੍ਰਿਟੇਨ ਦੇ ਸਮਾਜ ਦਾ , ਇੱਕ ਜ਼ਹੀਨ ਬੁੱਧੀਜੀਵੀ , ਸੰਜੀਦਾ ਸਮਾਜ ਵਿਗਿਆਨੀ ਅਤੇ ਸਭਿਆਚਾਰ ਸ਼ਾਸਤਰੀ ਵਜੋਂ ਡੂੰਘਾ ਅਧਿਐਨ ਕਰਦਿਆਂ ਉਸਨੂੰ ਇਹ ਤੱਥ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਇਸ ਸਮੇਂ ਦੇ ਸਮਾਜ ਅਤੇ ਸਭਿਆਚਾਰ ਨੂੰ ਸਹੀ ਅਤੇ ਸਟੀਕ ਢੰਗ ਨਾਲ ਸਮਝਣ ਲਈ , ਤੀਜੇ ਦਹਾਕੇ ਦਾ ਮਾਰਕਸਵਾਦੀ ਚਿੰਤਨ ਹੁਣ ਇਕ ਪ੍ਰਕਾਰ ਨਾਲ ਵੇਲਾ ਵਿਹਾ ਚੁੱਕਾ ਹੈ । ਅਰਥਾਤ ਕਾਫ਼ੀ ਹੱਦ ਤੱਕ ਗੈਰ ਪ੍ਰਸੰਗਿਕ ਹੋ ਚੁੱਕਾ ਹੈ । ਬਦਲ ਚੁੱਕੇ ਪਦਾਰਥਕ ਅਤੇ ਸਮਾਜਿਕ-ਆਰਥਿਕ ਹਾਲਾਤ ਦੀ ਲੋਅ ਵਿੱਚ ਇਸ ਚਿੰਤਨ ਨੂੰ ਨਵੇਂ ਸਿਰਿਉ ਨਵਿਆਉਣ ਅਤੇ ਮੁੜ ਪਰਿਭਾਸ਼ਿਤ ਕਰਨ ਦੀ ਸਖ਼ਤ ਲੋੜ ਹੈ । ਉਸ ਦੀ ਨਜ਼ਰ ਵਿੱਚ , ‘ 1930 ਤੋਂ 1939 ਦੇ ਸਮੇਂ ਵਿੱਚ ਅਸਰ - ਅੰਦਾਜ਼ ਹੋ ਰਿਹਾ ਮਾਰਕਸਵਾਦ , ਲੋੜੋਂ ਵੱਧ ਆਦੇਸ਼ਾਤਮਕ ਅਤੇ ਸਥਿਰ - ਸਿਧਾਂਤਕ ( dogmatic ) ਸੀ ' । ਅਰਥਾਤ ਖੜੋਤ ਅਤੇ ਜਮੂਦ ਦੀ ਹਾਲਤ ਵਿੱਚ ਸੀ ।
ਬਦਲੇ ਪਦਾਰਥਕ , ਸਮਾਜਿਕ - ਆਰਥਿਕ ਅਤੇ ਰਾਜਨੀਤਕ ਹਾਲਾਤਾਂ ਵਿੱਚ ਮਾਰਕਸ ਦੇ ਸਿਧਾਂਤਾਂ ਦੀ ਸਭਿਆਚਾਰਕ ਵਿਹਾਰਕਤਾ , ਸਾਰਥਕਤਾ ਅਤੇ ਵਰਤੋਂ ਦੀ ਸੀਮਾ , ਗੈਰ - ਹਾਜ਼ਰੀ ਜਾਂ ਗੈਰ - ਪ੍ਰਸੰਗਿਕਤਾ ਨੂੰ ਡੂੰਘੀ ਨੀਝ ਨਾਲ ਪਹਿਚਾਣਦਿਆਂ , ਉਸਨੇ ਆਪਣੇ ਖੋਜ ਕਾਰਜਾਂ ਵਿੱਚ ਇਨ੍ਹਾਂ ਸਿਧਾਂਤਾਂ ਦੀ ਨਿਰੰਤਰਤਾ ਵਿੱਚ ਨਵੀਂ ਵਿਆਖਿਆ ਪੇਸ਼ ਕਰਦਿਆਂ , ਸਭਿਆਚਾਰਕ ਪਦਾਰਥਵਾਦ ( Cultural Materialism ) ਦੇ ਸੰਕਲਪ ਅਤੇ ਸਿਧਾਂਤ ਨੂੰ ਨਿਰਧਾਰਤ ਅਤੇ ਪਰਿਭਾਸ਼ਤ ਕੀਤਾ । ਇਵੇਂ ਕਰਦਿਆਂ ਉਸਨੇ ਸਭਿਆਚਾਰ ਦੇ ਪਦਾਰਥਕ ਪੱਖ ਨੂੰ ਵਿਸ਼ੇਸ਼ ਤੌਰ ' ਤੇ ਉਜਾਗਰ ਕੀਤਾ ।
'ਇਤਿਹਾਸਕ ਪਦਾਰਥਵਾਦ'ਦੀ ਸੰਕਲਪਨਾ ਨੂੰ ਜਿਸ ਵਿਗਿਆਨਕ ਢੰਗ ਅਤੇ ਪਹੁੰਚ ਨਾਲ ਕਾਰਲ ਮਾਰਕਸ ਨੇ ਪੇਸ਼ ਕੀਤਾ , ਉਸ ਨੂੰ ਵਿਲੀਅਮਜ਼ ਬੁਨਿਆਦੀ ਤੌਰ ' ਤੇ ਦਰੁਸਤ ਮੰਨਦਾ ਹੈ । ਮਾਰਕਸਵਾਦੀ ਸਭਿਆਚਾਰਕ ਸਿਧਾਂਤਾਂ ਵਿੱਚ ਆਧਾਰ ਅਤੇ ਪਰਉਸਾਰ ( Base and Superstructure in Marxist Cultural Theory ) ਨਾਮਕ ਆਪਣੇ ਇੱਕ ਮਹੱਤਵਪੂਰਣ ਲੇਖ ਵਿੱਚ ਰੋਮੰਡ ਵਿਲੀਅਮਜ਼ ਆਧਾਰ ਦੀ ਗਤੀਸ਼ੀਲਤਾ ਸਥਾਪਿਤ ਕਰਦਾ ਹੋਇਆ ਇਹਨਾਂ ਦੋਹਾਂ ਬੁਨਿਆਦੀ ਮਾਰਕਸਵਾਦੀ ਸੰਕਲਪਾਂ ਅਤੇ ਸਿਧਾਂਤਾਂ ਨੂੰ ਨਵੇਂ ਰੂਪ ਵਿੱਚ ਪਰਿਭਾਸ਼ਤ ਕਰਦਾ ਹੈ ।
ਉਸ ਦੀਆਂ ਜ਼ਿਆਦਾਤਰ ਆਲੋਚਨਾਤਮਕ ਕਿਤਾਬਾਂ ਜਿਵੇਂ ਸਭਿਆਚਾਰ ਅਤੇ ਪਦਾਰਥਵਾਦ : ਚੋਣਵੇਂ ਲੇਖਾ ( Culture and Materialism : Selected Essays ) , ਆਸ ਦੇ ਸਮੇ : ਸਭਿਆਚਾਰ , ਲੋਕਤੰਤਰ , ਸਮਾਜਵਾਦ ( Resources of Hope : Culture , Democracy , Socialism ) te e ਅਤੇ ਇਨ੍ਹਾਂ ਵਿੱਚ ਸ਼ਾਮਲ ਵੱਖ - ਵੱਖ ਲੇਖਾਂ ਦੇ ਸਿਰਲੇਖਾਂ ਜਿਵੇਂ ਪਦਾਰਥਵਾਦ ਦੀਆਂ ਸਮੱਸਿਆਵਾਂ ( Problems in Materialism ) , ' 1945 ਤੋਂ ਬਾਅਦ ਦੇ ਬਰਤਾਨਵੀ ਮਾਰਕਸਵਾਦ ਬਾਰੇ ਖੁਲਾਸਾ ( Notes on Marxism in Britain since 1945 ) , ਤੁਸੀਂ ਮਾਰਕਸਵਾਦੀ ਹੈ , ਕਿ ਨਹੀਂ ਹੋ ? ' ( You're a Marxist , Aren't You ' ? ) , ਸਮਾਜਵਾਦ ਅੱਗੇ ਅੜਿੱਕੇ , ਝਿਜਕਾਂ ਅਤੇ ਦੁਬਿਧਾਵਾਂ ( Hesitations before Socialism ) ਆਦਿ ਉੱਪਰ ਉਡਦੀ - ਉਡਦੀ ਪੰਛੀ ਝਾਤ ਮਾਰਦਿਆਂ ਹੀ , ਇਸ ਠੋਸ ਤੱਥ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਮਾਰਕਸ , ਏਂਜਲਸ ਅਤੇ ਲੈਨਿਨ ਦੇ ਸੰਕਲਪਾਂ ਅਤੇ ਸਿਧਾਂਤਾਂ ਤੋਂ ਨਿਸ਼ਚਿਤ ਤੌਰ ' ਤੇ ਪ੍ਰਭਾਵਿਤ ਤਾਂ ਸੀ ਪਰ 20 ਵੀਂ ਸਦੀ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਤੇਜ਼ੀ ਨਾਲ ਵੱਧਦੇ ਪ੍ਰਭਾਵਾਂ ਅਧੀਨ ਮੰਡੀ ਤਾਕਤਾਂ ਅਤੇ ਉਤਪਾਦਨ ਸ਼ਕਤੀਆਂ ( ਪਦਾਰਥਕ / ਸਮਾਜਿਕ ਆਰਥਿਕ ਸਥਿਤੀਆਂ ) ਦੇ ਲਗਾਤਾਰ ਬਦਲਦੇ , ਮੂੰਹਜ਼ੋਰ , ਅਮੋੜ ਅਤੇ ਜਟਿਲ ਹੁੰਦੇ ਜਾ ਰਹੇ ਸੁਭਾਅ ਅਤੇ ਸਰੂਪ ਨੂੰ ਨੀਝ ਨਾਲ ਵਾਚਦਿਆਂ , ਉਹ ਇਨ੍ਹਾਂ ਸੰਕਲਪਾਂ ਅਤੇ ਸਿਧਾਂਤਾਂ ਨੂੰ ਜਿਉਂ ਦਾ ਤਿਉਂ ਆਰੋਪਿਤ ਕਰਕੇ ਜਾਂ ਸੀਮਤ ( confine / reduced ) ਕਰ ਕੇ ਵੇਖਣ ਅਤੇ ਵਰਤਣ ਦੀ ਥਾਂ , ਇਨ੍ਹਾਂ ਦੇ ਅਸਰਾਂ , ਇਨ੍ਹਾਂ ਦੀ ਸਮਾਜਿਕ ਸਾਪੇਖਤਾ ਅਤੇ ਸਾਰਥਕਤਾ ਨੂੰ ਸਮੇਂ - ਸਮੇਂ ਪਰਖ ਕੇ , ਇਹਨਾਂ ਵਿੱਚ ਲੋੜੀਂਦੇ ਸੁਧਾਰਾਂ , ਵਾਧਿਆਂ , ਜੋੜਾਂ - ਤੋੜਾਂ ਅਤੇ ਵਿਗਾਸਾਂ ਨੂੰ ਉਤਸ਼ਾਹਿਤ ਕਰਦਾ ਸੀ ।
ਪਾਲ ਸਾਰਤਰ ( Jean Paul Sartre ) , ਲੂਈਸ ਅਲਥੂਸਰ ( Louis Althusser ) , ਐਨਟੋਨੀਓ ਗਰਾਮਸ਼ੀ ( Antonio Gramsci ) ਆਦਿ ਯੂਰਪੀਅਨ ਨਵ - ਮਾਰਕਸਵਾਦੀਆਂ ਦੇ ਮਾਰਕਸਵਾਦ ਨੂੰ ਪੇਸ਼ ਕਰਨ , ਵਖਿਆਉਣ , ਸਮਝਣ ਸਮਝਾਉਣ ਵਾਲੇ ਨਵੇਂ ਸੰਕਲਪਾਂ , ਵਿਚਾਰਾਂ ਅਤੇ ਸੂਝ - ਮਾਡਲਾਂ ਨੂੰ ਬਰਤਾਨਵੀ ਸਮਾਜ , ਚਿੰਤਨ , ਰਚਨਾਵਾਂ ਅਤੇ ਸਭਿਆਚਾਰ ਦਾ ਹਿੱਸਾ ਬਣਾਉਣ ਵਿੱਚ , ਰੈਮੰਡ ਵਿਲੀਅਮਜ਼ ਦੀ ਭੂਮਿਕਾ ਨਿਰਸੰਦੇਹ ਮੋਹਰੀਆਂ ਵਾਲੀ ਸੀ।ਇਹ ਵਿਲੀਅਮਜ਼ ਵੱਲੋਂ ਕੀਤੇ ਗਏ ਯਤਨਾਂ ਦਾ ਸਹਿਜ ਸਿੱਟਾ ਸੀ ਕਿ 50 ਵਿਆਂ ਤੋਂ ਬਾਅਦ , ਗਰੇਟ ਬ੍ਰਿਟੇਨ ਵਿੱਚ ਮਾਰਕਸ ਅਤੇ ਉਸ ਦੀਆਂ ਰਚਨਾਵਾਂ ਦਾ ਨਵੇਂ ਰੂਪ ਵਿੱਚ ਅਧਿਐਨ , ਬਰਤਾਨਵੀ ਸਾਹਿਤ ਚਿੰਤਨ ਵਿੱਚ ਪੁਨਰ - ਸੁਰਜੀਤ ਹੋਇਆ ਅਤੇ ਸੰਵਾਦ ਦਾ ਭਖਦਾ ਵਿਸ਼ਾ ਬਣਿਆ । ਇਸ ਸਿਰਜਣਾਤਮਕ ਅਤੇ ਸਿਹਤਮੰਦ ਸੰਵਾਦ ਦਾ ਨਤੀਜਾ ਇਹ ਨਿਕਲਿਆ ਕਿ ਪਰੰਪਰਕ , ਸਿੰਧੜ ਅਤੇ ਕਚਘਰੜ ਮਾਰਕਸਵਾਦੀਆਂ ਦੇ ਸਮਵਿਥ ਉੱਥੇ ਖੁੰਝ ਗਹਿਰ - ਗੰਭੀਰ , ਗਤੀਸ਼ੀਲ , ਉਦਾਰ ਅਤੇ ਵਿਕਾਸਮੁੱਖ ਮਾਰਕਸਵਾਦੀ ਚਿੰਤਕਾਂ ਦਾ ਇੱਕ ਨਵਾਂ ਖੱਬੇ ਪੱਖੀ ਮੁਹਾਜ ਬਣ ਗਿਆ ।
ਰੇਮੰਡ ਵਿਲੀਅਮਜ਼ ਅਤੇ ਉਸਦੇ ਹਮ - ਖ਼ਿਆਲ ਨਵ - ਮਾਰਕਸਵਾਦੀਆਂ ਦਾ , ਪਰੰਪਰਕ ਮਾਰਕਸਵਾਦੀਆਂ ਦੀ ਸੋਚਧਾਰਾ ਜਾਂ ਮਾਰਕਸਵਾਦ ਦੀ ਸਮਝ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਸਭਿਆਚਾਰ ਦੇ ਵਰਤਾਰੇ ਨੂੰ ਪਰਉਸਾਰ ਦਾ ਨਹੀਂ , ਸਗੋਂ ਆਧਾਰ ਦਾ ਹਿੱਸਾ ਮੰਨਦੇ ਹਨ । ਉਨ੍ਹਾਂ ਦੀ ਇਸ ਸੋਚਧਾਰਾ ਜਾਂ ਸਿਧਾਂਤਕਾਰੀ ਨੂੰ ਮੁੱਖ ਰੱਖਦਿਆਂ ਆਖਿਆ ਜਾ ਸਕਦਾ ਹੈ ਕਿ ਉਹ ਸਭਿਆਚਾਰ ਨੂੰ ਇੱਕ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਵਸਦੀ ਸਭਿਆਚਾਰਕ ਇਕਾਈ ਦੇ ਮੁਕੰਮਲ ਜੀਊਣ - ਢੰਗ ਅਤੇ ਕੀਮਤ - ਪ੍ਰਬੰਧ ਦੇ ਰੂਪ ਵਿੱਚ ਚਿਤਵਦਿਆ ਅਤੇ ਸਮਝਦਿਆਂ ਇਸ ਦੇ ਤਿੰਨ ਕਿਸਮ ਦੇ ਮੂਲਭੂਤ ਨਿਰਧਾਰਕ ਸੰਚਾਲਕਾਂ , ਜੈਵਿਕ ਤੇ ਮਨੋਵਿਗਿਆਨਕ , ਸੰਸਥਾਵੀ ਤੇ ਵਿਵਸਥਾਵੀ ਅਤੇ ਗਿਆਨ ਸ਼ਾਸਤਰੀ ਨੂੰ ਆਧਾਰ ( 1410 ) ਦਾ ਹਿੱਸਾ ਸਵੀਕਾਰਦੇ ਸਨ ।
ਰੇਮੰਡ ਦੇ ਸਭਿਆਚਾਰ ਬਾਰੇ ਪੇਸ਼ ਕੀਤੇ ਗਏ ਵਿਭਿੰਨ ਸਿਧਾਂਤਾਂ ਨੂੰ ਸਮਝਣ ਲਈ ਉਸਦੀ ਕਿਤਾਬ ਸਭਿਆਚਾਰ ਅਤੇ ਸਮਾਜ ( Culture and Society ) ਬੁਨਿਆਦੀ ਮਹੱਤਵ ਵਾਲੀ ਹੈ । ਇਸ ਕਿਤਾਬ ਵਿੱਚ ਉਸਨੇ ਗਰੇਟ ਬ੍ਰਿਟੇਨ ਦੇ 1780 ਤੋਂ 1950 ਤੱਕ ਦੇ ਲਗਭਗ 170 ਵਰ੍ਹਿਆਂ ਦੇ ਸਮੇਂ ਦੌਰਾਨ ਹੋਏ ਪ੍ਰਮੁੱਖ ਲੇਖਕਾਂ / ਚਿੰਤਕਾਂ ਵੱਲੋਂ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤੇ ਗਏ ਬਰਤਾਨਵੀ ਸਮਾਜ ਅਤੇ ਸਭਿਆਚਾਰ ਦੇ ਨਿਕਟ ਅਧਿਐਨ ਦੇ ਆਧਾਰ ਤੇ , ਕਿਸੇ ਵੀ ਮਨੁੱਖੀ ਸਮਾਜ ਅਤੇ ਸਭਿਆਚਾਰ ਨੂੰ ਸਹੀ ਪ੍ਰਮਾਣਿਕ ਅਤੇ ਸਮੱਗਰ ਰੂਪ ਵਿੱਚ ਸਮਝਣ ਲਈ ਆਪਣੀ ਸਮਝ ਦਰਸਾਉਂਦਿਆਂ ਕੁੱਝ ਸਿਧਾਂਤਕ ਧਾਰਨਾਵਾਂ ਪੇਸ਼ ਕੀਤੀਆਂ ਹਨ । ਆਪਣੇ ਅਧਿਐਨ - ਵਿਸ਼ਲੇਸ਼ਣ ਦੌਰਾਨ ਵਿਲੀਅਮਜ਼ ਨੇ ਇਹ ਵੇਖਿਆ ਕਿ ਗਰੇਟ ਬ੍ਰਿਟੇਨ ਮੂਲ ਰੂਪ ਵਿੱਚ ਵੰਨ - ਸੁਵੰਨੀਆਂ ਸਭਿਆਚਾਰਕ ਪਛਾਵਾਂ ਰੱਖਣ ਵਾਲਾ ਅਤੇ ਖੇਤੀਬਾੜੀ ਕੇਂਦਰਿਤ ਇਕ ਬਹੁ - ਕੌਮੀ , ਬਹੁ - ਖੇਤਰੀ ਅਤੇ ਬਹੁ ਭਾਸ਼ਾਈ ਦੇਸ਼ ਸੀ ਪਰ ਇੰਗਲੈਂਡ ਦੇ ਖਿੱਤੇ ਵਿੱਚ 1760 ਈਸਵੀ ਵਿੱਚ ਸ਼ੁਰੂ ਹੋਈ ਉਦਯੋਗਿਕ ਕ੍ਰਾਂਤੀ ਨੇ ਸਾਰਾ ਦ੍ਰਿਸ਼ ਬਦਲ ਦਿੱਤਾ । ਉਦਯੋਗਿਕ ਇਨਕਲਾਬ ਵਿੱਚ ਪਹਿਲ ਸਦਕਾ ਇਥੋਂ ( ਇੰਗਲੈਂਡ ) ਦੇ ਲੋਕ ਅਤੇ ਇਨ੍ਹਾਂ ਦਾ ਸਭਿਆਚਾਰ , ਹੌਲੀ - ਹੌਲੀ ਬਾਕੀ ਕੌਮੀਅਤਾਂ ਅਤੇ ਸਭਿਆਚਾਰਕ ਪਛਾਵਾਂ ਉੱਪਰ ਭਾਰੂ ਹੋਣਾ ਆਰੰਭ ਹੋ ਗਿਆ ।
ਇੱਕ ਵਾਰ ਪੱਕੇ ਪੈਰੀਂ ਸ਼ੁਰੂ ਅਤੇ ਸਥਾਪਿਤ ਹੋਏ ਅਤੇ ਫੇਰ ਲਗਾਤਾਰ ਵਰ੍ਹਿਆਂ , ਦਹਾਕਿਆਂ ਅਤੇ ਸਦੀਆਂ ਤੱਕ ਕਾਇਮ ਰਹੇ ਇਸ ਦਬਦਬੇ ਅਤੇ ਪ੍ਰਭੂਸੱਤਾ ਦਾ ਸਿੱਟਾ ਇਹ ਨਿਕਲਿਆ ਕਿ ਬਹੁ - ਗਿਣਤੀ ਲੋਕਾਂ ( ਸਭਿਆਚਾਰ ) ਦੀ ਸੰਤਾ ' ਤੇ ਕਾਬਜ਼ ਜਾਂ ਭਾਰੂ ਜਮਾਤ ਨੇ , ਜਜ਼ਬ ਕਰ ਲੈਣ ( incorporation ) ਦੇ ਵੱਖ - ਵੱਖ ਸਿੱਧੇ ਅਤੇ ਅਸਿੱਧੇ , ਸਕਰਮਕ ਅਤੇ ਅਕਰਮਕ ਤਰੀਕਿਆਂ ਅਤੇ ਵਸੀਲਿਆਂ ਨੂੰ ਵਰਤ ਕੇ , ਆਪਣੇ ਗ਼ਲਬੇ ਅਤੇ ਸਭਿਆਚਾਰ ਨੂੰ ਹੋਰ ਸਭਿਆਚਾਰਾਂ ਦੇ ਘੱਟ ਗਿਣਤੀ ਲੋਕਾਂ ਦੇ ਮਨਾ ਜਾਂ ਸਭਿਆਚਾਰਾਂ ਅੰਦਰ ਏਨਾ ਡੂੰਘਾ ਰਜ਼ਾ ਵਸਾ ਦਿੱਤਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪੋ - ਆਪਣੀ ਵੱਖਰੀ ਖੇਤਰੀ , ਭਾਸ਼ਾਈ ਅਤੇ ਸਭਿਆਚਾਰਕ ਪਹਿਚਾਣ ਵਿਸਾਰ ਜਾਂ ਭੁੱਲ ਕੇ , ਬਹੁ - ਗਿਣਤੀ ਵੱਲੋਂ ਬਹੁਲਤਾਵਾਂ ਜਾਂ ਵੰਨ - ਸੁਵੰਨਤਾਵਾਂ ਨੂੰ ਆਪਣੇ ਅੰਦਰ ਜਜ਼ਬ ਕਰਕੇ ਸਿਰਜੀ ਮੁੱਖਧਾਰਾ ਵਾਲੀ ਭਾਰਮਿਕ ਏਕਾਤਮਕ / ਸਾਂਝੀ ਪਛਾਣ ਨੂੰ ਹੀ , ਸਹੀ ਅਤੇ ਅੰਤਿਮ ਸੱਚ ਮੰਨੀ ਬੈਠੇ ਹਨ । ਚੈਖੰਡ ਅਨੁਸਾਰ ਇਹੀ ਠੋਸ ਕਾਰਣ ਹੈ ਕਿ ਵਿਭਿੰਨ ਸਭਿਆਚਾਰਕ ਅਤੇ ਭਾਸ਼ਾਈ ਵਿਲੱਖਣਤਾਵਾਂ ਦੇ ਇੱਕਰੂਪ ਸੰਯੁਕਤ ਸੁਮੇਲ ਨਾਲ ਉੱਸਰੇ ਗਰੇਟ ਬ੍ਰਿਟੇਨ ਦੇ ਰੰਗ - ਬਰੰਗੇ ਸਮਾਜ ਅੰਦਰ , ਕਿਸੇ ਵਿਸ਼ੇਸ਼ ਸਭਿਆਚਾਰ ( ਇੰਗਲੈਂਡ ) ਦੇ ਗ਼ਲਬੇ ਜਾਂ ਦਬਦਬੇ ਨੂੰ ਨਿਖੇੜ ਜਾਂ ਵੱਖਰਿਆ ਕੇ ਵੇਖਣਾ ਬਹੁਤ ਮੁਸ਼ਕਲ ਅਤੇ ਟੇਢਾ ਕੰਮ ਹੈ।
ਉਸ ਅਨੁਸਾਰ ਰਾਜਨੀਤੀ ਉੱਪਰ ਭਾਰੂ ਜਾਂ ਬਹੁ - ਗਿਣਤੀ ਸਭਿਆਚਾਰ , ਘੱਟ - ਗਿਣਤੀ ਜਾਂ ਅਧੀਨ / ਕਮਜ਼ੋਰ ਸਭਿਆਚਾਰਾਂ ਦੀ ਵਿਲੱਖਣ ਪਛਾਣ ਨੂੰ ਬੜੇ ਯੋਜਨਾਬੱਧ ਢੰਗ ਨਾਲ ਆਪਣੇ ਅੰਦਰ ਸਮਾਉਣ , ਉਸ ਦੀ ਵੱਖਰੀ ਹੋਂਦ ਨੂੰ ਨਾਲ - ਨਾਲ ਇਨ੍ਹਾਂ ਨੂੰ ਛੁਟਿਆ ਕੇ ਜਾਂ ਨੀਵਾਂ / ਊਝਾਂ ਵਿਖਾ ਕੇ ਆਪਣੇ ਸਭਿਆਚਾਰ ਨੂੰ ਹੋਰ ਵੱਧ ਉਭਾਰਨ , ਭਾਰੂ ਅਤੇ ਸਥਾਪਿਤ ਕਰਨ ਲਈ , ਮੁੱਖ ਰੂਪ ਵਿੱਚ ਹੇਠ ਲਿਖੇ ਤਿੰਨ ਮਾਧਿਅਮਾਂ ਜਾਂ ਸੰਸਥਾਵਾਂ ਦੀ ਅਚੇਤ ਅਤੇ ਸੁਚੇਤ ਪੱਧਰ ' ਤੇ ਭਰਪੂਰ ਵਰਤੋਂ ਕਰਦਾ ਹੈ :
1. ਸਿੱਖਿਆ , ਸਿੱਖਿਆ ਨੀਤੀ ਅਤੇ ਸਿੱਖਿਆ ਸੰਸਥਾਵਾਂ
2. ਘਰ - ਪਰਿਵਾਰ , ਖ਼ਾਨਦਾਨ , ਪਰਿਵਾਰਕ ਸੰਸਕਾਰ ਅਤੇ ਪਰੰਪਰਾਵਾਂ
3. ਸਮਾਜਿਕ ਅਨੁਭਵ ਅਤੇ ਇਨ੍ਹਾਂ ' ਤੇ ਆਧਾਰਿਤ ਠੇਸ ਪਰਿਭਾਸ਼ਾਵਾਂ , ਸੰਕਲਪਨਾਵਾਂ ਅਤੇ ਵਿਆਖਿਆਵਾਂ
ਸਾਡਾ ਦੇਸ਼ ਭਾਰਤ ਵਿਭਿੰਨ ਭਾਸ਼ਾਈ , ਖੇਤਰੀ , ਧਾਰਮਿਕ ਅਤੇ ਸਭਿਆਚਾਰਕ ਵਿਲੱਖਣਤਾਵਾਂ ( ਕੌਮੀਅਤਾਂ ) ਨੂੰ ਬਣਦੀ ਮਾਨਤਾ ਦੇ ਕੇ , ਉਨ੍ਹਾਂ ਨੂੰ ਸੁਮੇਲ ਵਿੱਚ ਰੱਖਣ ਵਾਲਾ , ਇੱਕ ਬਹੁ - ਕੌਮੀ ਅਤੇ ਬਹੁ - ਧਰਮੀ ਦੇਸ਼ ਹੈ । ਪਰ ਬਦਕਿਸਮਤੀ ਇਹ ਹੈ ਕਿ ਸਾਡੇ ਦੇਸ਼ ਵਿੱਚ ਬਹੁ - ਗਿਣਤੀ ਲੋਕਾਂ ਦੇ ਤਥਾਕਥਿਤ ਰਾਹਨੁਮਾ ਅਤੇ ਰਖਵਾਲੇ ਬਣਕੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਵੋਟਾਂ ਨੂੰ ਬੜੇ ਸਾਤਰਾਨਾ ਢੰਗ ਨਾਲ , ਸੱਤਾ ਹਥਿਆਉਣ ਲਈ ਵਰਤਣ ਵਾਲੇ ਅਤਿ ਚਲਾਕ ਮੁੱਠੀ ਭਰ ਰਾਜਨੀਤਕ ਲੋਕ , ਘੱਟ - ਗਿਣਤੀਆਂ ਦੇ ਸਭਿਆਚਾਰਾਂ ਦੀ ਵਿਲੱਖਣ ਪਹਿਚਾਣ ਨੂੰ ਆਪਣੇ ਅੰਦਰ ਜਜ਼ਬ ਕਰ ਲੈਣ ਦੀਆਂ ਤੇਜ਼ - ਤਰਾਰ ਵਿਧੀਆਂ ਸਕੀਮਾਂ ਨਾਲ , ਕਿੰਜ ਖੋਰਦੇ ਅਤੇ ਆਪਣੇ ਅੰਦਰ ਸਮਾਉਂਦੇ ਹਨ , ਇਸਨੂੰ ਸਹੀ ਅਤੇ ਸਟੀਕ ਢੰਗ ਨਾਲ ਸਮਝਣ ਸਮਝਾਉਣ ਲਈ , ਨਿਰਸੰਦੇਹ ਰੋਮੰਡ ਵਿਲੀਅਮਜ਼ ਦਾ , ਬਰਤਾਨਵੀ ਸਮਾਜ ਅਤੇ ਸਭਿਆਚਾਰ ਦੇ ਡੂੰਘੇ ਅਧਿਐਨ ਦੇ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ ਉਪਰੋਕਤ ਸਭਿਆਚਾਰਕ ਸੂਝ - ਮਾਡਲ , ਬਹੁਤ ਢੁੱਕਵਾਂ ਪ੍ਰਸੰਗਿਕ ਅਤੇ ਸਾਰਥਕ ਹੈ ।
ਆਪਣੇ ਵਿਅਕਤੀਗਤ ਮਨੁੱਖੀ ਅਨੁਭਵਾਂ ਤੋਂ ਵਿਲੀਅਮਜ਼ ਨੇ ਇਹ ਵੇਖਿਆ ਕਿ ਰਾਜਨੀਤਕ ਸੱਤਾ ਉੱਪਰ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਸੀਨ ਸਮਾਜ ਦਾ ਉੱਚ ਜਾਂ ਕੁਲੀਨ ਵਰਗ ਆਪਣੇ ਰਹਿਣ-ਸਹਿਣ ਅਤੇ ਆਚਰਣ ਵਿਚਰਣ( ਸਭਿਆਚਾਰ ) ਨੂੰ 'ਵਿਸ਼ਿਸ਼ਟ'ਅਤੇ ਉੱਚਾ ਵਿਖਾਉਣ ਲਈ , ਜਿੱਥੇ ਇੱਕ ਪਾਸੇ ਸਭਿਆਚਾਰ ਦੇ ਕੁੱਝ ਪ੍ਰਗਟਾ - ਮਾਧਿਅਮਾਂ , ਗਿਆਨ - ਅਨੁਸ਼ਾਸਨਾਂ ਅਤੇ ਵਸਤੂ - ਵਰਤਾਰਿਆਂ ਜਿਵੇਂ ; ਕਲਾ , ਸਾਹਿਤ , ਦਰਸ਼ਨ , ਨੀਤੀ ਸ਼ਾਸਤਰ , ਸੰਗੀਤ ਆਦਿ ਨੂੰ ਮਾਧਿਅਮ ਬਣਾ ਕੇ ਆਮ ਲੋਕਾਂ ਉੱਪਰ ਆਪਣੀ ਉੱਚਤਾ ਅਤੇ ਪ੍ਰਭੂਸੱਤਾ ਨੂੰ ਸਥਾਪਿਤ ਕਰਨ ਅਤੇ ਫਿਰ ਇਸਨੂੰ ਲਗਾਤਾਰ ਕਾਇਮ ਰੱਖਣ ਕਰਦਾ ਹੈ ਉੱਥੇ ਦੂਜੇ ਪਾਸੇ ਇਹ ਭਰਮ ਵੀ ਵੱਡੀ ਪੱਧਰ ' ਤੇ ਉਸਾਰਦਾ ਅਤੇ ਫੈਲਾਉਂਦਾ ਹੈ ਕਿ ਇਹ ਸਾਰੀਆਂ ਵਿਸ਼ੇਸ਼ ਗਤੀਵਿਧੀਆਂ , ਨਾ ਕੇਵਲ ਉਸ ਵਰਗ ਦੇ ਏਕਾਧਿਕਾਰ ਤੱਕ ਸੀਮਤ ਹਨ ਸਗੋਂ ਇੱਕ ਪ੍ਰਕਾਰ ਨਾਲ ਉਸ ਲਈ ਰਾਖਵੀਆਂ ਵੀ ਹਨ । ਅਰਥਾਤ ਇਹ ਸਾਰਾ ਕੁੱਝ ਕਰਨ ਦੀ ਗੁਣਵੱਤਾ , ਯੋਗਤਾ ਜਾਂ ਸਮਰੱਥਾ ਅਤੇ ਅਧਿਕਾਰ ਕੇਵਲ ਉਨ੍ਹਾਂ ਪਾਸ ਹੀ ਹੈ । ਵਿਲੀਅਮਜ਼ ਉਨ੍ਹਾਂ ਦੀ ਇਸ ਧਾਰਨਾ ਨੂੰ ਨਹੀਂ ਮੰਨਦਾ । ਉਹ ਆਪਣੇ ਨਿੱਜੀ ਸਮਾਜੀ ਅਨੁਭਵਾਂ ਤੋਂ ਦੱਸਦਾ ਅਤੇ ਸਾਬਤ | ਕਲਾ ਸੰਗੀਤ , ਸਾਹਿਤ ਆਦਿ ਵਿਚ ਰੱਖੀ ਅਤੇ ਯੋਗਤਾ ਹੁੰਦੀ ਹੈ , ਪਰ ਇਹ ਗੱਲ ਵੱਖਰੀ ਹੈ ਕਿ ਕੁਲੀਨ ਵਰਗ ਵਲੋਂ ਆਪਣੇ ਹਿਤਾਂ ਦੀ ਪੂਰਤੀ ਹਿਤ , ਪੈਦਾ ਕੀਤੇ ਗਏ ਵੱਖਰੇਵਿਆਂ , ਵਿਤਕਰਿਆਂ ਭਰਪੂਰ ਹਾਲਾਤ ਅਤੇ ਫੈਲਾਏ ਭਰਮ - ਭੁਲੇਖਿਆਂ ਕਰਕੇ , ਇਹ ਲੁਕੀ ਅਤੇ ਅੱਖੋਂ ਪਰੋਖੇ ਹੋਏ ਰਹਿੰਦੀ ਹੈ ।
ਇਸ ਪ੍ਰਸੰਗ ਵਿੱਚ ਉਹ ਟੀ . ਐਸ . ਐਲੀਅਟ ਦੀ ਸਭਿਆਚਾਰ ਨੂੰ ਇੱਕ ਮੁਕੰਮਲ ਜੀਵਨ - ਜਾਚ ਮੰਨਣ ਦੀ ਧਾਰਨਾ ਨਾਲ ਤਾਂ ਭਾਵੇਂ ਪੂਰੀ ਤਰ੍ਹਾਂ ਸਹਿਮਤ ਹੈ ਪਰ ਇੱਕ ਸੰਪੂਰਨ ਜੀਊਣ ਢੰਗ ਅਤੇ ਕੀਮਤ - ਪ੍ਰਬੰਧ ਦੇ ਰੂਪ ਵਿੱਚ ਸਭਿਆਚਾਰ ਨੂੰ ਨਿਰਧਾਰਤ ਅਤੇ ਸੰਚਾਲਿਤ ਕਰਨ ਵਾਲੀਆਂ ਅਨੇਕ ਪਦਾਰਥਕ , ਸਮਾਜਿਕ , ਆਰਥਿਕ , ਰਾਜਨੀਤਕ , ਮਨੋਵਿਗਿਆਨਕ , ਨੈਤਿਕ , ਧਾਰਮਿਕ ਆਦਿ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਇਨ੍ਹਾਂ ਦੀ ਸਮੱਗਰ ਸੰਤੁਲਿਤ ਭੂਮਿਕਾ ਨੂੰ ਸਮਝਣ ਪੱਖੋਂ , ਉਹਐਲੀਅਟ ਦੀ ਉਸ ਉਲਾਰ ਸੱਜੇਪੱਖੀ , ਅੱਧੀ - ਅਧੂਰੀ , ਪ੍ਰਮਾਣ - ਰਹਿਤ ਅਤੇ ਪਰੰਪਰਕ ਰੂੜ੍ਹੀਵਾਦੀ ਸੋਚ ਅਤੇ ਵਿਆਖਿਆ ਪ੍ਰਤੀ ਆਪਣੀ ਡੱਟਵੀਂ ਅਸਹਿਮਤੀ ਜ਼ਾਹਰ ਕਰਦਾ ਹੈ , ਜਿਸ ਵਿੱਚ ਉਹ ਸਭਿਆਚਾਰ ਦੀ ਉਸਾਰੀ ਦੇ ਮਾਮਲੇ ਵਿੱਚ , ਜਿੱਥੇ ਇੱਕ ਪਾਸੇ ਸੁਚੇਤ ਪੱਧਰ ' ਤੇ , ਕੁਲੀਨ ਅਤੇ ਉੱਚ ਵਰਗ ਦੀ ਇਜਾਰੇਦਾਰੀ ਨੂੰ ਨਿਰੰਤਰਤਾ ਵਿੱਚ ਬਰਕਰਾਰ ਰੱਖਣ ਦੀ ਗੱਲ ਕਰਦਾ ਹੈ , ਉੱਥੇ ਦੂਜੇ ਪਾਸੇ ਅਚੇਤ ਪੱਧਰ ' ਤੇ , ਸਭਿਆਚਾਰ ਨੂੰ ਕੁਲੀਨ ਅਤੇ ਆਮ , ਦੋ ਵਰਗਾਂ ਵਿੱਚ ਵੰਡਦਾ ਹੋਇਆ , ਇੱਕ ਪਰਿਪੱਕ ਸਮਾਜ ਅਤੇ ਸਭਿਆਚਾਰ ਦੀ ਸਿਰਜਣਾ ਅਤੇ ਇਸਨੂੰ ਸੁਰੱਖਿਅਤ ਕਾਇਮ ਰੱਖਣ ਦੇ ਪ੍ਰਸੰਗ ਵਿੱਚ , ਆਮ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਬਰਾਬਰੀ ਵਾਲਾ ਲਈ ਰਾਖਵੀਂ ਰੱਖਣ ਦੀ ਵਕਾਲਤ ਕਰਦਾ ਹੈ । ਰੁਤਬਾ ਅਤੇ ਹੱਕ ਦੇਣ ਦੀ ਥਾਂ , ਉਨ੍ਹਾਂ ਦੀ ਨੁਮਾਇੰਦਗੀ ਦੀ ਕਮਾਨ , ਕੁਲੀਨ ਵਰਗ ਇੱਕ ਉਦਾਰ , ਡੂੰਘੇ ਅਤੇ ਗਤੀਸ਼ੀਲ ਨਵ - ਮਾਰਕਸਵਾਦੀ ਚਿੰਤਕ ਦੇ ਰੂਪ ਵਿੱਚ , ਸਭਿਆਚਾਰ ਬਾਰੇ ਸਿਰਜਣਾਤਮਕ ਆਲੋਚਨਾਤਮਕ ਸੰਵਾਦ ਰਚਾਉਣ ਪੱਖੋਂ ਸਿਧਾਂਤਕ ਸੰਕਲਪਨਾਵਾਂ ਜਾਂ ਧਾਰਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ,
1. ਸਭਿਆਚਾਰ ਦੀ ਉਸਦੇ ਮੂਲ ਉਤਪਾਦਨੀ ਢਾਂਚੇ ਜਾਂ ਸਮਾਜਿਕ ਆਰਥਿਕ ( ਪਦਾਰਥਕ ) ਆਧਾਰ ਨੂੰ ਸਮਝੇ ਬਿਨਾਂ ਪ੍ਰਮਾਣਿਕ ਅਤੇ ਸਹੀ ਪਰਿਭਾਸ਼ਾ ਅਤੇ ਵਿਆਖਿਆ ਕਰਨੀ ਸੰਭਵ ਨਹੀਂ ਹੈ । 2. ਇੱਕ ਕੁਲੀਨ ਬੁਰਜੂਆ ਅੰਗਰੇਜ਼ੀ ਸਮਾਜ , ਗਰੇਟ ਬ੍ਰਿਟੇਨ ਦੇ ਸਮੁੱਚੇ ਸਮੂਹਿਕ ਸਭਿਆਚਾਰ ਦੀ ਤਰਜਮਾਨੀ ਅਤੇ ਇਜਾਰੇਦਾਰੀ ਕਰਦਾ ਹੈ ।
3. ਸਭਿਆਚਾਰ ਅਤੇ ਉਤਪਾਦਨ ਦੀਆਂ ਸ਼ਕਤੀਆਂ ਦੇ ਆਪਸ ਵਿਚ ਘਣੇ ਸੰਬੰਧ ਹੋਣ ਕਰਕੇ , ਆਦੇਸ਼ਿਤ ਅਤੇ ਆਰੋਪਿਤ ਢੰਗ ਨਾਲ ਇੱਕ ਵਿਸ਼ੇਸ਼ ਸਭਿਆਚਾਰ ( ਵਰਗ ) ਦਾ ਅਨੁਸਾਰੀ ਬੁਨਿਆਦੀ ਉਤਪਾਦਨੀ ਢਾਂਚਾ ਖੜ੍ਹਾ ਕੀਤਾ ਜਾਵੇ ਅਤੇ ਫਿਰ ਇਸ ਉੱਪਰ ਪਰਉਸਾਰ ਦੀ ਪੱਧਰ ਤੇ ਇੱਕ ਨਫ਼ੀਸ / ਸਤਿਅ ਜੀਊਣ ਢੰਗ ਅਤੇ ਕਲਾ , ਸੰਗੀਤ ਅਤੇ ਦਰਸ਼ਨ ਦੀ ਇੱਕ ਨਵੀਂ ਘਾੜਤ ਘੜੀ ਜਾਵੇ ।
ਤਿੰਨਾਂ ਵਿੱਚੋਂ ਪਹਿਲੀ ਧਾਰਨਾ ਨਾਲ ਤਾਂ ਉਹ ਪੂਰੀ ਤਰ੍ਹਾਂ ਸਹਿਮਤ ਸੀ ਪਰ ਪਿਛਲੀਆਂ ਦੇ ਨਾਲ , ਇਨ੍ਹਾਂ ਦੀਆਂ ਸੀਮਾਵਾਂ ਅਤੇ ਕਮੀਆਂ ਨੂੰ ਮੁੱਖ ਰੱਖਦਿਆਂ , ਬੜੇ ਵਿਵੇਕਸ਼ੀਲ ਢੰਗ ਨਾਲ ਸਹਿਮਤ ਨਹੀਂ ਸੀ।ਦੂਜੀ ਧਾਰਨਾ ਜਾਂ ਸਮਝ ਅਧੀਨ ਪਰੰਪਰਕ ਮਾਰਕਸਵਾਦੀ ਚਿੰਤਕ ਜਿਸ ਸਰਲੀਕ੍ਰਿਤ ਅਤੇ ਮਕਾਨਕੀ ਢੰਗ ਨਾਲ ਗਰੇਟ ਬ੍ਰਿਟੇਨ ਦੇ ਸਭਿਆਚਾਰ ਨੂੰ ਬੁਰਜੂਆ ਸਭਿਆਚਾਰ ਆਖ ਕੇ ਭੰਡਦੇ , ਨਕਾਰਦੇ ਅਤੇ ਪੱਲਾ ਝਾੜ ਲੈਂਦੇ ਹਨ , ਇਸਨੂੰ ਵਿਲੀਅਮਜ਼ ਦਰੁਸਤ ਨਹੀਂ ਮੰਨਦਾ । ਉਲੇਖਯੋਗ ਹੈ ਕਿ ਇੱਥੇ ਵਰਤੇ ਗਏ ਸੰਕਲਪ " ਬੁਰਜੂਆ ਤੋਂ ਭਾਵ ਗ੍ਰੇਟ ਬ੍ਰਿਟੇਨ ਦੇ ਕੁਲੀਨ / ਉੱਚ ਵਰਗ ਦੇ ਨਾਲ - ਨਾਲ ਉਸ ਲੁਟੇਰਾ ਅਤੇ ਸਵਾਰਥੀ ਸੋਚ ਤੋਂ ਵੀ ਹੈ ਜੋ ਮਨੁੱਖੀ ਸਮਾਜ ਜਾਂ ਸਮਾਜੀ ਰਿਸ਼ਤਿਆਂ ਵਿੱਚ ਸਮੂਹਿਕ ਸੋਚ ਅਤੇ ਹਿਤਾਂ ਦੀ ਥਾਂ ਨਿੱਜੀ ਸੋਚ ਅਤੇ ਹਿਤਾਂ ਨੂੰ ਪਾਲਣ ਦੀ ਵਕਾਲਤ ਕਰਦੀ ਹੈ । ਉਸ ਅਨੁਸਾਰ ਪਰੰਪਰਕ ਮਾਰਕਸਵਾਦੀਆਂ ਜਾਂ ਮਾਰਕਸੀ ਸਭਿਆਚਾਰ ਸ਼ਾਸਤਰੀਆਂ ਵੱਲੋਂ ਬਹੁਤੀਆਂ ਸਭਿਆਚਾਰਕ ਗਤੀਵਿਧੀਆਂ ( ਕਲਾ , ਸਾਹਿਤ , ਸੰਗੀਤ ਆਦਿ ) ਨੂੰ ਥੋਕ ਵਿੱਚ ਬੁਰਜੂਆ ਸਭਿਆਚਾਰ ਆਖ ਦੇਣਾ , ਇੱਕਪਾਸੜ ਅਤੇ ਅਧੂਰੀ ਵਰਗ - ਵੰਡ ਹੈ । ਜਦੋਂ ਅਸੀਂ ਕਿਸੇ ਚੀਜ਼ ਜਾਂ ਵਸਤੂ - ਵਰਤਾਰੇ ਨੂੰ ‘ ਗ਼ਲਤ ਆਖਦੇ ਹਾਂ ਤਾਂ ਉਸਦਾ ਦੂਜਾ ਸਹੀ ਪੱਖ ਲੱਭਣਾ ਜਾਂ ਦੱਸਣਾ ਬੇਹੱਦ ਜ਼ਰੂਰੀ ਹੁੰਦਾ ਹੈ । ਇਸ ਪ੍ਰਸੰਗ ਵਿੱਚ ਬੁਰਜੂਆ ( ਜਿਸਨੂੰ ਅਸੀਂ ਗ਼ਲਤ ਮੰਨਦੇ ਹਾਂ ) ਦੇ ਉਲਟ ਜਾਂ ਸਮਵਿਥ ' ਪਰੋਲਤਾਰੀ ਸਭਿਆਚਾਰ ( ਜਿਸਦੇ ਸਹੀ ਹੋਣ ਦਾ ਅਸੀਂ ਦਾਅਵਾ ਕਰਦੇ ਹਾਂ)ਦਾ ਉਜਾਗਰ ਹੋਣਾ ਸੁਭਾਵਕ ਵਰਤਾਰਾ ਸੀ ਅਤੇ ਹੈ ” ।
ਰੇਮੰਡ ਵਿਲੀਅਮਜ਼ ਅਨੁਸਾਰ ਕਿਸੇ ਵੀ ਸਮੇਂ ਜਾਂ ਯੁੱਗ ਵਿੱਚ ਕਿਸੇ ਮਨੁੱਖੀ ਸਮਾਜ ਜਾਂ ਸਭਿਆਚਾਰਕ ਇਕਾਈ ਦੇ ਸਾਰੇ ਸਭਿਆਚਾਰ ਜਾਂ ਸਾਹਿਤ ਨੂੰ ਇੱਕੋ ਜਮਾਤ ( ਬੁਰਜੂਆ , ਉੱਚੀ ਜਾਂ ਕੁਲੀਨ ) ਦਾ ਘੋਸ਼ਿਤ ਕਰਨਾ , ਬਦਲਵੇਂ ਪੱਧਰ ’ ਤੇ ਰਾਜਨੀਤਕ ਸੱਤਾ ਹਥਿਆਉਣ ਲਈ ਜਾਂ ਆਪਣੇ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਤਾਂ ਭਾਵੇਂ ਲਾਭਦਾਇਕ ਹੋ ਸਕੇ ਪਰ ਇੱਕ ਜ਼ਿੰਮੇਵਾਰ ਸਮਾਜ ਅਤੇ ਸਭਿਆਚਾਰ ਸ਼ਾਸਤਰੀ ਦੇ ਨਜ਼ਰੀਏ ਤੋਂਸਮਾਜ ਅਤੇ ਸਭਿਆਚਾਰ ਨੂੰ ਸਹੀ ਸੰਤੁਲਿਤ ਅਤੇ ਸਮੱਗਰ ਰੂਪ ਵਿੱਚ ਸਮਝਣ ਲਈ ਏਦਾਂ ਨਹੀਂ ਹੋ ਸਕਦਾ ।
ਰੇਮੰਡ ਵਿਲੀਅਮਜ਼ ਦਾ ਇਹ ਨੁਕਤਾ ਮਹੱਤਵਪੂਰਣ ਹੈ ਕਿ ਕਿਸੇ ਮਨੁੱਖੀ ਸਮਾਜ ਦੇ ਪ੍ਰਚਲਿਤ ਜਾਂ ਮੌਜੂਦਾ ਸਭਿਆਚਾਰ ਨੂੰ ਸਿਰਜਣ ਅਤੇ ਚਲਾਉਣ ਵਿੱਚ , ਅਕਸਰ ਹੋਰ ਜਮਾਤਾਂ ਦੇ ਮੁਕਾਬਲੇ ਕਿਸੇ ਇੱਕ ਜਮਾਤ ਦਾ ਰੋਲਬਾਕੀ ਜਮਾਤਾਂ ਨਾਲੋਂ ਵੱਧ ਹੁੰਦਾ ਹੀ ਹੈ । ਇਸ ਤਰ੍ਹਾਂ ਦੀ ਸੰਕਲਪਨਾ ਜਾਂ ਵਿਭਾਜਨਕਾਰੀ ਸੋਚ ਦਾ ਨਾਂਹਪੱਖੀ ਨਤੀਜਾ ਇਹ ਹੁੰਦਾ ਹੈ ਕਿ ਜਿੱਥੇ ਇੱਕ ਪਾਸੇ ਇੱਕ ਖ਼ਾਸ ਵਰਗ ਦੀ ਉੱਚਤਾ ਜਾਂ ਦਬਦਬੇ ਵਾਲੀ ਸਕਰਮਕ ਪ੍ਰਭਾਵਸ਼ੀਲਤਾ ਸੁਤੇਸਿੱਧ ਹੀ ਉਜਾਗਰ ਅਤੇ ਪ੍ਰਮਾਣਿਤ ਹੋ ਜਾਂਦੀ ਹੈ ਉੱਥੇ ਦੂਜੇ ਪਾਸੇ ਇਸ ਵਰਗ ( ਉੱਚ ਜਮਾਤ ) ਦੇ ਸਭਿਆਚਾਰ ਵਿੱਚ ਸੁਧਾਰ ਦੀ ਗੁੰਜਾਇਸ਼ ਅਤੇ ਬਦਲਾਅ ਦੀ ਉਮੀਦ ਰੱਖਣ ਵਾਲੇ ਲੋਕ ਵੀ ਇਸ ਭੁਲੇਖੇ ਅਤੇ ਤੌਖ਼ਲੇ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਦੂਜੀ ( ਪਰੋਲਤਾਰੀ।ਮਜਦੂਰ ) ਜਮਾਤ ਦੇ ਸਭਿਆਚਾਰ ਦੇ ਅਸਰਅੰਦਾਜ਼ ਹੋ ਜਾਣ ਨਾਲ , ਜਿੱਥੇ ਸਾਡੇ ਭਾਰੂ ਜਮਾਤੀ ਸਭਿਆਚਾਰ ( ਬੁਰਜੂਆ ) ਦਾ ਖ਼ਾਤਮਾ ਜਾਂ ਘਾਣ ਹੋ ਜਾਵੇਗਾ ਉੱਥੇ ਨਾਲ ਦੀ ਨਾਲ ਸ਼ਾਇਦ ਸਮਾਜ ਵਿੱਚ ਚੱਲ ਰਹੇ ਪੂਰੇ ਦੇ ਪੂਰੇ ਮੌਜੂਦਾ ਸਭਿਆਚਾਰਕ ਢਾਂਚੇ ਦਾ ਵੀ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ । ਸਿੱਟੇ ਵਜੋਂ ਉਹ ਆਪਣੇ ਹਿਤਾਂ ਦੀ ਪੂਰਤੀ ਹਿਤ , ਡਰ ਦੇ ਮਾਰੇ ਨਾ ਚਾਹੁੰਦਿਆਂ ਹੋਇਆਂ ਵੀ , ਚੱਲ ਰਹੇ ਸਭਿਆਚਾਰ ਨੂੰ ਬਚਾਉਣ ਅਤੇ ਜਿਉਂ ਦਾ ਤਿਉਂ ਕਾਇਮ ਰੱਖਣ ਲਈ , ਇਸ ਨੂੰ ਵਾਜਿਬ ਠਹਿਰਾਉਣ ਦਾ ਪੈਂਤੜਾ ਮੱਲ ਲੈਂਦੇ ਹਨ । ਇਸ ਪ੍ਰਸੰਗ ਵਿੱਚ ਰੋਮੰਡ ਵਿਲੀਅਮਜ਼ ਆਪਣੇ ਅਨੁਭਵ ਤੋਂ ਇਹ ਮਹੱਤਵਪੂਰਣ ਸੂਤਰਿਕ ਨੁਕਤਾ ਜਾਂ ਸਿਧਾਂਤ ਸਾਂਝਾ ਕਰਦਾ ਹੈ ਕਿ ਕੋਈ ਵੀ ਸਮਾਜ ਜਾਂ ਸਭਿਆਚਾਰ ਪੂਰਨ ਰੂਪ ਵਿੱਚ ਕਦੇ ਵੀ ਖ਼ਤਮ ਨਹੀਂ ਹੁੰਦਾ । ਉਹ ਟੁੱਟਦਾ ਅਤੇ ਕਮਜ਼ੋਰ ਜ਼ਰੂਰ ਹੁੰਦਾ ਹੈ ।
ਰੇਮੰਡ ਦੀ ਸਮਝ ਅਨੁਸਾਰ ਕਾਮਾ ਜਮਾਤ ਦੇ ਸਭਿਆਚਾਰ ( ਜੋ ਕਿ ਸਨਾਤਨੀ ਮਾਰਕਸਵਾਦੀਆਂ ਵੱਲੋਂ ਬੁਰਜੂਆ ਅਤੇ ' ਪਰੋਲਤਾਰੀ ਦੇ ਕੀਤੇ ਜਾਂਦੇ ਵੱਖਰੇਵੇਂ ਜਾਂ ਨਿਖੇੜੇ ਤੋਂ ਪਹਿਲਾਂ ਵੀ ਮੌਜੂਦ ਸੀ ) ਨੂੰਸਤਹੀ ਅਤੇ ਮਕਾਨਕੀ ਢੰਗ ਨਾਲ ਪਰੋਲਤਾਰੀ ਸਭਿਆਚਾਰ ਦੀ ਸ਼੍ਰੇਣੀ ਤੱਕ ਸੀਮਤ ਰੱਖਣਾ , ਇਸ ਦੇ ਸਮਾਜ ਵਿੱਚ ਥਾਂ , ਮਹੱਤਵ ਅਤੇ ਗੌਰਵ ਨੂੰ ਇੱਕ ਪ੍ਰਕਾਰ ਨਾਲ ਘਟਾ ਕੇ ਜਾਂ ਛੂਟਿਆ ਕੇ ਵੇਖਣ ਵਾਲੀ ਸਥਿਤੀ ਦਾ ਸੂਚਕ ਹੈ । ਕੁੱਝ ਸਿਧਾਂਤ - ਪੂਜਕ ਮਾਰਕਸਵਾਦੀਆਂ ਵੱਲੋਂ ਮਨੁੱਖੀ ਸਮਾਜ ਅਤੇ ਸਭਿਆਚਾਰ ਨੂੰ ਇਵੇਂ ਨਿਰੋਲ ਮਕਾਨਕੀ ਅਤੇ ਸਰਲੀਕ੍ਰਿਤ ਢੰਗ ਨਾਲ ਬੁਰਜੂਆ ਅਤੇ ਪਰੋਲਤਾਰੀ ਵਿੱਚ ਵਰਗੀਕ੍ਰਿਤ ਕੀਤੇ ਜਾਣ ਨਾਲ ਸੁਭਾਵਕ ਹੈ ਕਿ ਕਿਸੇ ਮਨੁੱਖੀ ਸਮਾਜ ਅਤੇ ਸਭਿਆਚਾਰ ਦੀ ਅੰਤਰੀਵ ਸੰਰਚਨਾ ਨੂੰ ਸਹੀਂ , ਸੰਤੁਲਿਤ ਅਤੇ ਸਮੱਗਰ ਪਰਿਪੇਖ ਵਿੱਚ ਸਮਝਣਾ ਅਤੇ ਸਮਝਾਉਣਾ ਤਾਢਾ ਔਖਾ , ਟੇਢਾ ਅਤੇ ਦੁਬਿਧਾਮਈ ਕਾਰਜ ਹੋ ਜਾਵੇਗਾ ।
ਰੇਮੰਡ ਹੈਨਰੀ ਵਿਲੀਅਮਜ਼ ਦੀ ਸਮਾਜਿਕ ਅਤੇ ਸਭਿਆਚਾਰਕ ਸਮਝ ਇਹ ਵੀ ਦੱਸਦੀ ਹੈ ਕਿ ਸਨਾਤਨੀ ਮਾਰਕਸਵਾਦੀਆਂ ਨੇ ਜੋ ਜਮਾਤੀ ਵੰਡ ਪੇਸ਼ ਕੀਤੀ , ਉਸ ਨਾਲ ਕਿਸੇ ਧਿਰ ਜਾਂ ਕਿਸੇ ਇੱਕ ਧਿਰ ਨੂੰ ਵਰਤ ਕੇ ਸੱਤਾ ਹਥਿਆਉਣ ਵਾਲੀ ਸਿਆਸੀ ਜਮਾਤ ਨੂੰ ਫ਼ਾਇਦਾ ਹੋਇਆ ਹੋਵੇ ਜਾਂ ਨਾ , ਪਰ ਇੱਕ ਆਮ ਭਾਸ਼ਾ , ਜੋ ਕਿਸੇ ਮਨੁੱਖੀ ਸਮਾਜ ਅਤੇ ਸਭਿਆਚਾਰ ਦਾ ਸਾਂਝਾ ਪ੍ਰਗਟਾ ਮਾਧਿਅਮ ਅਤੇ ਸੰਚਾਰ ਦਾ ਸਾਧਨ ਹੁੰਦੀ ਹੈ , ਇਸ ਵੰਡ ਕਾਰਣ , ਦੋ ਵਰਗਾਂ ਵਿੱਚ ਵੰਡ ਹੋ ਜਾਂਦੀ ਹੈ । ਇੱਕ ਉੱਚ ਕੁਲੀਨ ਅਤੇ ਪੜ੍ਹੇ - ਲਿਖੇ ਵਰਗ ਦੀ ਤਥਾਕਥਿਤ ਵਿਸ਼ਿਸ਼ਟ , ਮਿਆਰੀਕ੍ਰਿਤ ਜਾਂ ਸਭਿਅ ਭਾਸ਼ਾ ਅਤੇ ਦੂਜੀ ਆਮ ਜਨ - ਸਾਧਾਰਣ ਅਤੇ ਅਨਪੜ੍ਹ ਜਾਂ ਘੱਟ ਪੜ੍ਹੇ - ਲਿਖੇ ਲੋਕਾਂ ਦੀ ਭਾਸ਼ਾ ।
ਅਸੀਂ ਜਾਣਦੇ ਹਾਂ ਕਿ ਭਾਸ਼ਾ ਕਿਸੇ ਸਭਿਆਚਾਰਕ ਜਾਤੀ ਜਾਂ ਕੌਮੀਅਤ ਦੇ ਲੋਕਾਂ ਦਰਮਿਆਨ ਕੇਵਲ ਇੱਕ ਸੰਚਾਰ ਦੇ ਮਾਧਿਅਮ ਵਜੋਂ ਹੀ ਨਹੀਂ ਸਗੋਂ ਸੰਬੰਧਿਤ ਸਭਿਆਚਾਰ ਦੀ ਘਾੜਤ ਨੂੰ ਘੜਨ , ਨੇਮਬੱਧ ਅਤੇ ਸੰਚਾਲਿਤ ਕਰਨ ਦੇ ਨਾਲ - ਨਾਲ ਇਸ ਨੂੰ ਪ੍ਰਗਟਾਉਣ ਦਾ ਸ਼ਕਤੀਸ਼ਾਲੀ ਮਾਧਿਅਮ ਵੀ ਹੁੰਦੀ ਹੈ । ਫਲਸਰੂਪ ਭਾਸ਼ਾ ਦੀ ਇਸ ਵੰਡ ਦੇ ਚੱਲਦਿਆਂ ਉੱਚ ਜਮਾਤ ਜਾਂ ਸੱਤਾਧਾਰੀ ਧਿਰ ਵਲੋਂ ਆਪਣੇ ਸਭਿਆਚਾਰ(ਸੋਚਣ ਅਤੇ ਜਿਊਣ ਦੇ ਢੰਗ) ਦੀ ਸਰਦਾਰੀ ਅਤੇ ਪੂਰਤੀ ਹਿਤ , ਇੱਕ ਠੋਸ ਅਤੇ ਪੱਕੀ ਰਣਨੀਤੀ ਅਧੀਨ , ਉਭਾਰੀ ਗਈ ਤਥਾਕਥਿਤ ਵਿਸ਼ਿਸ਼ਟ ਭਾਸ਼ਾ ਨੂੰ , ਇੱਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ । ਸਾਡੀ ਜਾਚੇ ਭਾਸ਼ਾ ਦੀ ਦੋ ਹਿੱਸਿਆਂ ਵਿੱਚ ਹੋਈ ਵੰਡ ਅਤੇ ਇਸਦੀ ਵਰਤੋਂ / ਦੁਰਵਰਤੋਂ ਬਾਰੇ ਵਿਲੀਅਮਜ਼ ਦੇ ਉਪਰੋਕਤ ਪੇਸ਼ ਕੀਤੇ ਗਏ ਅਤਿ ਵਿਵੇਕਸ਼ੀਲ ਨਿਰਏਨੁਮਾ ਵਿਚਾਰ , ਬੇਸ਼ੱਕ ਬਰਤਾਨਵੀ ਸਮਾਜ ਅਤੇ ਸਭਿਆਚਾਰ ਦੇ ਨਿਕਟ ਵਿਸ਼ਲੇਸ਼ਣ ਨਾਲ ਸਬੰਧਿਤ ਹਨ ਪਰ ਇਹ ਭਾਰਤੀ ਸਮਾਜ ਵਿੱਚ , ਠੀਕ ਇਸੇ ਪ੍ਰਕਾਰ ਦੇ ਵਾਪਰ ਰਹੇ ਵਰਤ ਵਰਤਾਰਿਆਂ ਅਤੇ ਰੁਝਾਨਾਂ ਨੂੰ ਸਹੀ ਪਰਿਪੇਖ ਵਿੱਚ ਸਮਝਣ - ਸਮਝਾਉਣ ਲਈ , ਨਿਰਸੰਦੇਹ ਇੱਕ ਢੁੱਕਵਾਂ , ਕਾਰਗਰ ਅਤੇ ਪ੍ਰਭਾਵਸ਼ਾਲੀ ਸੂਝ - ਮਾਡਲ ਸਾਬਤ ਹੋ ਸਕਦੇ ਹਨ ।
ਜਮਾਤੀ ਵੰਡ ਦੇ ਸਮਵਿੱਥ , ਵੱਖ - ਵੱਖ ਜਮਾਤਾਂ ਵੱਲੋਂ ਆਪਣੇ ਦਾਬੇ ਨੂੰ ਕਾਇਮ ਰੱਖਣ ਅਤੇ ਆਪਣੇ ਹਿਤਾਂ ਦੀ ਪੂਰਤੀ ਲਈ ਭਾਸ਼ਾ ਦੀ ਵੰਡ ਦੇ ਮੁੱਦੇ ਨੂੰ ਉਭਾਰਨ ਅਤੇ ਇਸਨੂੰ ਸਮਝਣ - ਸਮਝਾਉਣ ਦੇ ਉਪਰੋਕਤ ਸਾਰੇ ਪ੍ਰਸੰਗ ਵਿੱਚ , ਰੋਮੰਡ ਵਿਲੀਅਮਜ਼ ਦੇ ਸਭਿਆਚਾਰ ਚਿੰਤਨ ਅਰਥਾਤ ਉਸਦੀ ਸਭਿਆਚਾਰ ਦੀ ਸਿਧਾਂਤਕਾਰੀ ਦਾ ਜਿਹੜਾ ਅਹਿਮ ਪੱਖ ਉਭਰ ਕੇ ਸਾਹਮਣੇ ਆਉਂਦਾ ਹੈ , ਉਹ ਇਹ ਹੈ ਕਿ ਉਹ ਸਭਿਆਚਾਰ ਦੀ ਸਿਰਜਣਾ ਵਿੱਚ ਬਹੁਤੀ ਹਿੱਸੇਦਾਰੀ ਜਮਾਤ ਦੀ ਨਹੀਂ ਸਗੋਂ ਬੋਲੀ / ਭਾਸ਼ਾ ਦੀ ਮੰਨਦਾ ਹੈ ।
ਤੀਜੀ ਸਿਧਾਂਤਕ ਸੰਕਲਪਨਾ ਅਧੀਨ ਰੈਮੰਡ ਵਿਲੀਅਮਜ਼ , ਸਰਲਚਿੱਤ ਮਾਰਕਸਵਾਦੀਆਂ ਦੇ ਇਸ ਤਰਕ , ਜਿਸ ਵਿੱਚ ਆਦੇਸ਼ਿਤ ਅਤੇ ਪੂਰਵ ਨਿਰਧਾਰਤ ਨੁਸਖ਼ੇ ਜਾਂ ਫ਼ਾਰਮੂਲੇ ਅਨੁਸਾਰ , ਸਮਾਜਵਾਦ ਜਾਂ ਸਮਾਜਵਾਦੀ ਸਭਿਆਚਾਰ ਦੀ ਉਸਾਰੀ ਲਈ , ਉਸੇ ਤਰੀਕੇ ਜਾਂ ਸਾਂਚੇ ਅਨੁਸਾਰ ਸੋਚਣਾ , ਲਿਖਣਾ ਅਤੇ ਸਿੱਖਣਾ ਪਵੇਗਾ , ਜਿਵੇਂ ਕਿ ਪਰੋਲਤਾਰੀ ਵਰਗ ਜਾਂ ਉਸਦੀ ਨੁਮਾਇੰਦਾ ਸੱਤਾਧਾਰੀ ਧਿਰ ਚਾਹੇਗੀ , ਨਾਲ ਉੱਕਾ ਹੀ ਅਸਹਿਮਤ ਸੀ । ਉਸ ਅਨੁਸਾਰ ਇਹ ਠੀਕ ਉਸੇ ਤਰ੍ਹਾਂ ਦੀ ਤਾਨਾਸ਼ਾਹੀ ਅਤੇ ਸੰਕੀਰਣਤਾ ਵਾਲੀ ਸੋਚ ਹੈ , ਜਿਵੇਂ ਬੁਰਜੂਆ ਸਮਾਜ ਆਪਣੇ ਅਨੁਸਾਰੀ ਬੁਰਜੂਆ ਸਭਿਆਚਾਰ ਦੀ ਸਿਰਜਣਾ ਕਰਦਾ ਹੈ । ਜੇਕਰ ਇਸੇ ਪੈਟਰਨ ਅਨੁਸਾਰ ਪਰੋਲਤਾਰੀ ਵਰਗ ਵੀਆਪਣੇ ਆਪਹੁਦਰੇ ਤਾਨਾਸ਼ਾਹ ਅਤੇ ਅਫ਼ਸਰਾਨਾ ਫ਼ੈਸਲਿਆਂ ਨੂੰ ਲੋਕਾਂ ਉੱਪਰ ਥੋਪ ਕੇ , ਇੱਕ ਨਵਾਂ ਆਦਰਸ਼ਕ ਪਰ ਪੂਰਵ ਨਿਰਧਾਰਤ ਪਰੋਲਤਾਰੀ ਸਭਿਆਚਾਰ ਸਿਰਜਦਾ ਹੈਤਾਂ ਸਵਾਲਾਂ ਦਾ ਸਵਾਲ ਇਹ ਪ੍ਰਬੰਧ ਦੀ ਸਿਰਜਣਾਵਿੱਚ ਸਿਫ਼ਤੀ ਵੱਖਰੇਵਾਂ ਕਿੱਥੇ ਹੈ ?
ਰੇਮੰਡ ਦੀ ਸਮਝ ਅਨੁਸਾਰ ਰੂਸ ਦੇ ਗ਼ਲਬੇ ਵਾਲੇ ਸੋਵੀਅਤ ਯੂਨੀਅਨ ਅੰਦਰ , ਅਕਤੂਬਰ 1917 ਵਿੱਚ ਆਏ ਇਨਕਲਾਬ ਤੋਂ ਬਾਅਦਮਾਰਕਸ ਦੇ ਫਲਸਫੇ ਅਨੁਸਾਰ ਜਮਾਤੀ ਨਾਬਰਾਬਰੀਆਂ ਅਤੇ ਵੰਡੀਆਂ ਤੋਂ ਰਹਿਤ ਇੱਕ ਨਵਾਂ ਮਨੁੱਖ ਹਿਤੈਸ਼ੀ ਆਦਰਸ਼ਕ ( ਸਮਾਜਵਾਦੀ ) ਸਮਾਜ ਅਤੇ ਸਭਿਆਚਾਰ ਸਿਰਜਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮਾਮਲੇ ਵਿੱਚ , ਉਸ ਦੇ ਪੱਕੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਮੋਹਰੀ ਨੇਤਾਵਾਂ ( ਪਰੋਲਤਾਰੀਆਂ ਦੇ ਤਥਾਕਥਿਤ ਨੀਤੀ ਘਾੜਿਆਂ ) ਨੇ , ਨਿਰਸੰਦੇਹ ਇੱਕ ਹੱਦ ਤੱਕ ਕੁੱਝ ਸਫਲਤਾਵਾਂ ਹਾਸਲ ਕੀਤੀਆਂ ਪਰ ਮਾਰਕਸ ਦੀ ਸਹੀ ਸਮਝ ਅਤੇ ਸੰਕਲਪਨਾ ਅਨੁਸਾਰ ਇਹ ਨਿਸ਼ਚਿਤ ਤੌਰ ' ਤੇ ਨਾਕਾਫ਼ੀ ਸਨ । ਨੇਤਾਵਾਂ ਵੱਲੋਂ ਮਾਰਕਸ ਦੀ ਸਹੀ , ਡੂੰਘੀ ਅਤੇ ਸਮੱਗਰ ਸਮਝ ਮੁਤਾਬਕ ਲੋਕਾਂ ਦੀ ਆਜ਼ਾਦੀ , ਸਵੈ - ਇੱਛਾ ਅਤੇ ਸੋਵੀਅਤ ਸਮਾਜ ਦੇ ਬਹੁਲਤਾਵਾਦੀ ਸਰੂਪ ਨੂੰ ਬਣਦਾ ਸਨਮਾਨ ਅਤੇ ਥਾਂ ਦੇਣ ਦੀ ਲੋੜ ਨੂੰਜਾਣ ਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ ।
ਵਿਲੀਅਮਜ਼ ਕਿਸੇ ਦੇਸ਼ ਜਾਂ ਮਨੁੱਖੀ ਸਮਾਜ ਵਿੱਚ ਮੌਜੂਦ ਬਹੁਲਤਾਵਾਂ , ਵੱਖਰਤਾਵਾਂ ਜਾਂ ਸਭਿਆਚਾਰਕ ਵਿਲੱਖਣਤਾਵਾਂ ਨੂੰਨਾ ਕੇਵਲ ਇਕ ਹਾਂ - ਪੱਖੀ ਵਰਤਾਰੇ ਵਜੋਂ ਲੈਂਦਾ ਹੈ , ਅਲਬੱਤਾ ਵਧੀਆ ਅਤੇ ਖੂਬਸੂਰਤ ਵੀ ਮੰਨਦਾ ਹੈ । ਉਸ ਅਨੁਸਾਰ ਕਿਸੇ ਸਮਾਜ ਜਾਂ ਵਸਤੂ - ਵਰਤਾਰੇ ਵਿੱਚ ਵੱਖਰਤਾਵਾਂ ਸਹਿਜ ਸੁਭਾਵਕ ਅਤੇ ਅੰਤਰਨਿਹਿਤ ਹੁੰਦੀਆਂ ਹਨ । ਇਸ ਪ੍ਰਸੰਗ ਵਿੱਚ ਉਸਦਾ ਨਜ਼ਰੀਆ ਇਹ ਹੈ ਕਿ ਰਾਜ ਜਾਂ ਸੱਤਾ ਦੇ ਦਾਬੇ ਅਧੀਨ ਆਰਥਿਕ ਨਾਬਰਾਬਰੀਆਂ ਜਾਂ ਜਮਾਤੀ ਵੰਡੀਆਂ ਨੂੰ ਖ਼ਤਮ ਕਰਨ ਦੇ ਨਾਂ ਹੇਠ , ਸਭਿਆਚਾਰਕ ਵਿਲੱਖਣਤਾਵਾਂ , ਮਾਨਵੀ ਆਜ਼ਾਦੀ ਅਤੇ ਮੂਲਭੂਤ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਦੇ ਵਰਤਾਰੇ ਨੂੰ ਕਿਸੇ ਵੀ ਤਰੀਕੇ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ । ਉਸ ਅਨੁਸਾਰ ਸਾਰਿਆਂ ਨੂੰ ਇਕੋ ਸੁਹਾਗੇ ਨਾਲ ਪੱਧਰ , ਇੱਕ ਸਮਾਨ ਅਤੇ ਬਰਾਬਰ ਕਰ ਦੇਣ ਵਾਂਗ , ਸਭਨਾਂ ਉੱਪਰ ਇੱਕ ਫ਼ੈਸਲਾ ਜਾਂ ਭਾਰੂ ਸਭਿਆਚਾਰ ਥੋਪ ਕੇ , ਵੰਡੀਆਂ , ਵਿਲੱਖਣਤਾਵਾਂ ਅਤੇ ਬਹੁਲਤਾਵਾਂ ਨੂੰ ਮਿਟਾਉਣਾ , ਅਣਉਚਿਤ , ਸਿਰਜਣਾਤਮਕਤਾ ਨੂੰ ਨਕਾਰਨ ਵਾਲਾ ਅਤੇ ਗੈਰ - ਮਨੁੱਖੀ ਵਰਤਾਰਾ ਹੈ । ਇਸ ਪ੍ਰਸੰਗ ਵਿੱਚ ਉਹ ਇਹ ਵੀ ਮੰਨਦਾ ਹੈ ਕਿ । ਹਰ ਮਨੁੱਖ ਦੀ ਮੂਲ ਮਨੁੱਖੀ ਹਸਤੀ , ਜੀਵਨ - ਹੋਂਦ , ਉਸਦੀ ਸਵੈ - ਇੱਛਾ ਅਤੇ ਉਸ ਦੇ ਆਪਣੇ ਤਰੀਕੇ ਨਾਲ ਸੋਚਣ ਅਤੇ ਜੀਉਣ ਦੇ ਢੰਗ ਨੂੰ ਬਣਦੀ ਥਾਂ , ਇਜ਼ਤ ਅਤੇ ਮਾਨਤਾ ਪ੍ਰਦਾਨ ਕਰਨ ਵਾਲਾ , ਮਨੁੱਖੀ ਸੁਤੰਤਰਤਾ ਨੂੰ ਪ੍ਰਣਾਇਆ ਇੱਕ ਮਨੁੱਖ ਹਿਤੈਸ਼ੀ ਸਮਾਜ ਸਿਰਜਣ ਪੱਖੋਂ , ਉਪਰੋਕਤ ਭਾਂਤ ਦੇ ਆਰੋਪਿਤ ਵਰਤਾਰੇ ਤੋਂ ਕਿਸੇ ਪ੍ਰਕਾਰ ਦੀ ਹਾਂਦਰੂ ਉਮੀਦ ਨਹੀਂ ਰੱਖੀ ਜਾ ਸਕਦੀ । ਇਹੀ ਕਾਰਣ ਹੈ ਕਿ ਸੋਵੀਅਤ ਯੂਨੀਅਨ ਅੰਦਰ ਮਾਰਕਸ ਦੇ ਸੁਪਨਿਆਂ ਦਾ ਸਮਾਜਵਾਦੀ ਸਮਾਜ ਅਤੇ ਸਭਿਆਚਾਰ ਸਿਰਜਣ ਦਾ ਦਾਅਵਾ ਕਰਨ ਵਾਲੇ ਪਰੋਲਤਾਰੀ ਵਰਗ ਦੇ ਰਾਜ ਨੇਤਾਵਾਂ ਵੱਲੋਂ , ਮਾਰਕਸ ਦੀ ਇਸ ਬੁਨਿਆਦੀ ਪਰਿਕਲਪਨਾ ਕਿ ਮੂਲ ਮਨੁੱਖੀ ਹੋਂਦ ਹੀ ਮੂਲ ਮਨੁੱਖੀ ਚੇਤਨਾ ਨੂੰ ਨਿਰਧਾਰਤ ਅਤੇ ਸੰਚਾਲਿਤ ਕਰੇਗੀ ( Existence determines Consciousness ) ਨੂੰ ਤਿਲਾਂਜਲੀ ਦੇ ਕੇ , ਮਨੁੱਖੀ ਹੋਂਦ ਨੂੰ ਆਜ਼ਾਦ ਅਤੇ ਵਿਗਾਸਮਈ ਬਣਾਉਣ ਦੀ ਥਾਂ , ਆਪਣੇ ਰਾਜਸੀ ਸਵਾਰਥਾਂ , ਵਧੀਆਂ ਹੋਈਆਂ ਇੱਛਾਵਾਂ ਅਤੇ ਸੁਪਨਿਆਂ ਦੀ ਪੂਰਤੀ ਲਈ , ਇਸ ਨੂੰ ਇੱਕ ਪੂਰਵ - ਨਿਯੋਜਿਤ ਚੇਤਨਾ ਦੇ ਸੰਕੀਰਣ ਅਤੇ ਮਕਾਨਕੀ ਸਾਂਚੇ ਵਿੱਚ ਤਬਦੀਲ ਕਰ ਦਿੱਤਾ । ਵਿਲੀਅਮਜ਼ ਅਨੁਸਾਰ ਸਹੀ ਅਤੇ ਸਿਹਤਮੰਦ ਮਨੁੱਖੀ ਹੋਂਦ , ਚੇਤਨਾ , ਸਮਾਜ ਅਤੇ ਨਿਆਂਸ਼ੀਲ ਸਮਾਜਵਾਦੀ ਸਭਿਆਚਾਰ ਦੀ ਉਸਾਰੀ ਲਈ , ਸੰਬੰਧਿਤ ਸਭਿਆਚਾਰਕ ਇਕਾਈ ਦੇ ਸਭਨਾਂ ਲੋਕਾਂ ਨੂੰ ਬਿਨਾਂ ਕਿਸੇ ਭੇਦ - ਭਾਵ ਅਤੇ ਵਿਤਕਰੇ ਤੋਂ ਮੂਲਭੂਤ ਮਾਨਵੀ ਹੱਕ , ਸਭਿਆਚਾਰਕ ਸਰੋਤ , ਮੂਲ ਮਨੁੱਖੀ ਸਿਰਜਣਾਵਾਂ ਅਤੇ ਕਲਾ - ਰੂਪ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ । ਇਵੇਂ ਕਰਨ ਨਾਲ ਜੋ ਚੇਤਨਾ / ਸਮਝ ਵਿਕਾਸ ਕਰਕੇ ਸਾਡੇ ਸਾਹਮਣੇ ਆਵੇਗੀ ਉਸਨੂੰ ਮਾਰਕਸ ਦੀ ਸੰਕਲਪਨਾ ਅਨੁਸਾਰ ਸਹੀ ਮਾਅਨਿਆਂ ਵਿੱਚ ਉੱਨਤ , ਵਿਕਾਸਮੁੱਖੀ ਅਤੇ ਸੱਚੀ ਆਖਿਆ ਜਾ ਸਕਦਾ ਹੈ । ਉਸ ਅਨੁਸਾਰ ਹਰ ਇਨਸਾਨ ਵਿੱਚ ਅਤੇ ਸੱਚ ਨੂੰ ਜਾਣਨ ਦੀ ਅਥਾਹ ਇੱਛਾ ਭਰੀ ਹੁੰਦੀ ਹੈ ।
ਸਭਿਆਚਾਰ ਬਾਰੇ ਆਪਣੀ ਉਪਰੋਕਤ ਸਮਝ ਨੂੰ ਅੱਗੇ ਤੋਰਦਿਆਂ ਕੈਮੰਡ ਵਿਲੀਅਮਜ਼ ਆਪਣੇ ਅਨੁਭਵ ਦੇ ਆਧਾਰ ' ਤੇ ਇੱਕ ਹੋਰ ਮਹੱਤਵਪੂਰਣ ਅਤੇ ਕੀਮਤੀ ਸਿਧਾਂਤ , ਧਾਰਨਾ ਜਾਂ ਅੰਤਰ - ਸੂਝ ਇਹ ਪੇਸ਼ ਕਰਦਾ ਹੈ ਕਿ ਅਜੋਕੇ ਦੌਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਤਾਕਤ ਨਾਲ ਲਬਰੇਜ਼ ਸੰਸਾਰ ਦੇ ਕਈ ਅਤਿ ਵਿਕਸਿਤ ਪੂੰਜੀਵਾਦੀ ਦੇਸ਼ , ਸਮਾਜ ਅਤੇ ਸਭਿਆਚਾਰ , ਆਪਣੇ ਸਰਮਾਏ ਅਤੇ ਹੋਰ ਸਾਧਨਾਂ ਦੇ ਜ਼ੋਰ ਨਾਲ , ਇਨ੍ਹਾਂ ਤਾਕਤਾਂ ਸਦਕਾ ਪੈਦਾ ਅਤੇ ਅਸਰ - ਅੰਦਾਜ਼ ਹੋਏ ਰੰਗ - ਬਰੰਗੇ ਸੰਚਾਰ ਮਾਧਿਅਮਾਂ ਦੀ ਇੱਕ ਕਾਰਗਰ ਹਥਿਆਰ ਵਜੋਂ ਭਰਵੀਂ ਵਰਤੋਂ ਦੁਆਰਾ , ਮਨੁੱਖ ਦੀ ਇਸ ਮੂਲਭੂਤ ਬੇਹੱਦ ਉਪਜਾਊ ਅਤੇ ਸਿਰਜਣਾਤਮਕ ਸੋਚ ਚੇਤਨਾ ਨੂੰ ਖੁੰਢਾ ਕਰਨ , ਕਾਬੂ ਕਰਨ , ਇਸਨੂੰ ਆਪਣੇ ਹਿਤਾਂ ਦੀ ਪੂਰਤੀ ਲਈ ਵਰਤਣ ਅਤੇ ਜੋੜਨ - ਤੋੜਨ ਦੇ ਨਾਲ - ਨਾਲ , ਸੋਚਾਂ ਦੀ ਆਜ਼ਾਦੀ , ਇਨ੍ਹਾਂ ਦੀ ਵੰਨ - ਸੁਵੰਨਤਾ , ਵੱਖਰਤਾ ਅਤੇ ਮੌਲਿਕਤਾ ਨੂੰ ਦਬਾਉਣ ਅਤੇ ਇਨ੍ਹਾਂ ਨੂੰ ਕਿਵੇਂ ਨਾ ਕਿਵੇਂ ਆਪਣੇ ਅਨੁਸਾਰੀ ਬਣਾਉਣ ਅਤੇ ਦਾਬੇ ਹੇਠ ਰੱਖਣ ਦਾ ਸਫਲ ਯਤਨ ਵੀ ਕਰ ਰਹੇ ਹਨ । ਇਸ ਲਈ ਆਧੁਨਿਕ ਤੇਜ਼ - ਤਰਾਰ ਵਿਗਿਆਨਕ ਅਤੇ ਤਕਨਾਲੋਜੀ ਦੇ ਪਰਿਪੇਖ ਵਿੱਚ , ਸਭਿਆਚਾਰ ਦੇ ਵਰਤਾਰੇ ਦੀ ਸਹੀ ਸਮਝ ਲਈ , ਇਸ ਪ੍ਰਚਲਿਤ ਰੁਝਾਨ ਅਤੇ ਪ੍ਰਕਿਰਿਆ ਦੀ ਥਾਹ ਪਾਉਣੀ ਬਹੁਤ ਜ਼ਰੂਰੀ ਹੈ ।
ਵਿਗਿਆਨ ਅਤੇ ਤਕਨੀਕ ਦੁਆਰਾ ਪੈਦਾ ਕੀਤੇ ਗਏ ਸਾਰੇ ਦੇ ਸਾਰੇ ਇਲੈਕਟਰਾਨਿਕ ਅਤੇ ਗੈਰ - ਇਲੈਕਟਰਾਨਿਕ ਜਨ - ਸੰਚਾਰ ਮਾਧਿਅਮਾਂ ( ਟੀ . ਵੀ . ਮੋਬਾਈਲ , ਇੰਟਰਨੈੱਟ , ਫ਼ਿਲਮਾਂ , ਪ੍ਰੈਸ , ਮੈਗਜ਼ੀਨ , ਕਿਤਾਬਾਂ ਆਦਿ ) ਦੀ ਮੰਡੀ ਜਾਂ ਪੂੰਜੀਵਾਦੀ ਤਾਕਤਾਂ ਦੁਆਰਾ ਆਪਣੇ ਅਨੁਸਾਰੀ ਘੋਰ ਖਪਤਵਾਦੀ ਸਭਿਆਚਾਰ ਨੂੰ ਸਥਾਪਿਤ ਕਰਨ ਅਤੇ ਲਗਾਤਾਰ ਵਧਾਵਾ ਦੇਣ ਲਈ ਕੀਤੀ ਜਾਂਦੀ ਵਰਤੋਂ ਜਾਂ ਕੁਵਰਤੋਂ ਦੇ ਸਮੁੱਚੇ ਵਿਧੀ - ਵਿਧਾਨ ਅਤੇ ਵਿਆਕਰਣ ਬਾਰੇ ਰੋਮੰਡ ਵਿਲੀਅਮਜ਼ ਦੀ ਸਮਝ ਦਾ ਨਿਚੋੜ ਇਹ ਹੈ ਕਿ ਇਨ੍ਹਾਂ ਉੱਪਰ ਕਾਬਜ਼ ਜਾਂ ਇਨ੍ਹਾਂ ਨੂੰ ਸੰਚਾਲਿਤ ਕਰਨ ਵਾਲੇ , ਗਿਣਤੀ ਵਿੱਚ ਘੱਟ ਪਰ ਮੁਕਾਬਲਤਨ ਵੱਧ ਸੰਗਠਿਤ ਇਸ ਸਾਧਨ ਸੰਪਨ ਵਰਗ ( ਕਾਰਪੋਰੇਟ ਜਗਤ ) ਨੇ , ਇੱਕ ਜਾਂ ਦੂਜੇ ਰੰਗ - ਬਰੰਗੇ , ਚਮਕਦਾਰ ਅਤੇ ਅਤਿ ਲੁਭਾਵਣੇ , ਲੁਕਵੇਂ ਅਤੇ ਪ੍ਰਤੱਖ ਢੰਗ - ਤਰੀਕਿਆਂ ਅਤੇ ਪੈਦਾ ਕੀਤੇ ਗਏ ਤਾਰਮਿਕ ਜਾਂ ਝੂਠੇ ਯਥਾਰਥਾਂ ( Hyper - relities ) ਨਾਲ , ਅਸੰਗਠਿਤ , ਅਵੇਸਲੇ ਅਤੇ ਬੇਹੋਸ਼ ਬਹੁ - ਗਿਣਤੀ ਵਰਗ ਦੇ ਲੋਕਾਂ ਨੂੰ ਹਰ ਹੀਲੇ ਲੁੱਟਣਾ ਹੀ ਲੁੱਟਣਾ ਹੈ।
ਜ਼ੋਰਾਵਰ ਅਤੇ ਅਮੋੜ ਪੂੰਜੀਵਾਦੀ ਮੰਡੀ ਤਾਕਤਾਂ ਦੁਆਰਾ ਰੰਗ - ਬਰੰਗੇ ਬਾਜ਼ਾਰਾਂ ( ਮੈਗਾ - ਮਾਲ ) ਅਤੇ ਖਪਤਵਾਦੀ ਸਭਿਆਚਾਰ ਨੂੰ ਵਧਾਵਾ ਦੇਣ ਵਾਲੇ ਸਮੁੱਚੇ ਵਿਆਕਰਣ ਅਤੇ ਵੇਗਮਈ ਕੁਚੱਕਰ ਦੀ ਮੌਜੂਦਾ ਦਸਾ , ਦਿਸ਼ਾ ਅਤੇ ਇਤਿਹਾਸਕ ਪਿੱਠਭੂਮੀ ਦਾ ਨਿਕਟ ਅਧਿਐਨ ਕਰਨ ਉਪਰੰਤ ਰੇਮੰਡ ਵਿਲੀਅਮਜ਼ ਇਹ ਸੂਤਰਿਕ ਖ਼ੁਲਾਸਾ ਪੇਸ਼ ਕਰਦਾ ਹੈ ਕਿ 1850 ਈਸਵੀ ਦੇ ਆਧੁਨਿਕ ਮੰਨ ਜਾਂਦੇ ਸਮੇਂ ਦੌਰਾਨ , ਗਰੇਟ ਬ੍ਰਿਟੇਨ ਵਿੱਚ ਕਾਰਜਸ਼ੀਲ ਸਰਮਾਏਦਾਰ ਤਾਕਤਾਂ , ਵਿਗਿਆਪਨ ਜਾਂ ਇਸ਼ਤਿਹਾਰਬਾਜ਼ੀ ਦੀ ਜੁਗਤ ਦੀ ਵਰਤੋਂ , ਕੇਵਲ ਅਤੇ ਕੇਵਲ ਕਿਸੇ ਸੂਚਨਾ ਜਾਂ ਲੋੜ ਨੂੰ , ਅਖ਼ਬਾਰਾਂ ਵਿੱਚ ਕਲਾਸੀਫਾਈਡ ਦੇ ਰੂਪ ਵਿੱਚ ਦਰਸਾਉਣ ਅਤੇ ਸੰਬੰਧਿਤ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਦੀ ਪੂਰਤੀ ਲਈ ਹੀ ਕਰਿਆ ਕਰਦੀਆਂ ਸਨ । ਇਹ ਠੀਕ ਹੈ ਕਿ 1850 ਤੋਂ ਆਰੰਭ ਹੋਇਆ ਇਹ ਰੁਝਾਨ , ਅਗਲੇ ਲਗਭਗ 90-95 ਸਾਲਾਂ ਤੱਕ ਹੌਲੀ - ਹੌਲੀ ਪ੍ਰਫੁਲਿਤ ਅਤੇ ਪੱਕੇ ਪੈਰੀਂ ਹੁੰਦਾ ਰਿਹਾ ਹੈ । ਪਰ ਦੂਜੀ ਸੰਸਾਰ ਜੰਗ ਦੇ ਖ਼ਾਤਮੇ ( 1945 ਈਸਵੀ ) ਤੋਂ ਪਿਛੋਂ ਦੇ ਉਤਰ - ਆਧੁਨਿਕ ਮੰਨੇ ਜਾਂਦੇ ਸਮੇਂ ਦੌਰਾਨ ਮਗਰਮੱਛ ਵਾਂਗ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਸੰਸਾਰ ਪੱਧਰੀ ਪੂੰਜੀਵਾਦੀ ਤਾਕਤਾਂ ( ਬਹੁ - ਕੌਮੀ ਕੰਪਨੀਆਂ ) ਨੇ ਜਿਸ ਪ੍ਰਕਾਰ ' ਵਿਗਿਆਪਨ ਦੇ ਮਨੋਵਿਗਿਆਨਾ ਉੱਪਰ ਨਿੱਠ ਕੇ ਦਿਮਾਗ ਖਪਾਉਂਦਿਆਂ , ਇਸਦੀ ਵੱਡੀ ਪ੍ਰਭਾਵਸ਼ੀਲਤਾ ਨੂੰ ਚੰਗੀ ਤਰ੍ਹਾਂ ਸਮਝ ਲੈਣ ਪਿਛੋਂ , ਇਸਨੂੰ ਇੱਕ ਪ੍ਰਭਾਵਸ਼ਾਲੀ ਕਲਾਤਮਕ ' ਅਤੇ ' ਵਿਗਿਆਨਕ ਹਥਿਆਰ ਵਜੋਂ ਉਸਾਰਦਿਆਂ ਅਤੇ ਉਤਾਰਦਿਆਂ , ਇਸਨੂੰ ਆਪਣੇ ਤਿਆਰ ਮਾਲ ਨੂੰ ਵੇਚਣ ਤੋਂ ਸ਼ੁਰੂ ਕਰਕੇ , ਤੇਜ਼ - ਤਰਾਰ ਅਤੇ ਯੋਜਨਾਬੱਧ ਪ੍ਰਾਪੋਗੰਡੇ ਦੇ ਮਾਧਿਅਮ ਰਾਹੀਂ ਹੌਲੀ - ਹੌਲੀ ਆਪਣੇ ਹਿਤਾਂ ਦਾ ਅਨੁਸਾਰੀ ਰੁਝਾਨ , ਮਾਹੌਲ ਅਤੇ ਸਭਿਆਚਾਰ ਸਿਰਜਣ ਲਈ ਲੋੜੀਂਦੀਆਂ ਤਰਜੀਹਾਂ , ਰੁੱਚੀਆਂ , ਕਦਰਾਂ - ਕੀਮਤਾਂ ਨੂੰ ਪੈਦਾ ਕਰਨ , ਸਿਖਾਉਣ ਅਤੇ ਜਚਾਉਣ ਵਿਆਪਕ , ਜਟਿਲ ਅਤੇ ਨਾਂਹ - ਪੱਖੀ ਵਰਤਾਰਾ ਹੈ ।
ਅਜੋਕੇ ਯੁੱਗ ਵਿੱਚ ਗਰੇਟ ਬ੍ਰਿਟੇਨ , ਅਮਰੀਕਾ , ਰੂਸ , ਭਾਰਤ ਆਦਿ ਦੇਸ਼ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਮੰਨਦੇ ਹਨ । ਲੋਕਤੰਤਰੀ ਬਣਨ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚ ਰਾਜਤੰਤਰ ਜਾਂ ਰਜਵਾੜਾਸ਼ਾਹੀ ਪ੍ਰਬੰਧ ਕਾਰਜਸ਼ੀਲ ਸੀ । ਇਨ੍ਹਾਂ ਦੇਸ਼ਾਂ ਵਿੱਚ ਲੋਕਤੰਤਰ ਸਥਾਪਿਤ ਹੋਣ ਉਪਰੰਤ , ਇਹ ਦਾਅਵਾ ਲਗਾਤਾਰ ਕੀਤਾ ਜਾਂਦਾ ਰਿਹਾ ਹੈ ਕਿ ਰਾਜ ਦੇ ਇਸ ਪ੍ਰਬੰਧ ਨੂੰਅਪਨਾਉਣ ਨਾਲ , ਮਨੁੱਖੀ ਸੁਤੰਤਰਤਾ ਨੂੰ ਪ੍ਰਣਾਇਆ ਇੱਕ ਮਨੁੱਖੀ ਹਿਤੈਸ਼ੀ ਨਿਆਂਸ਼ੀਲ ਸਮਾਜ ਅਤੇ ਸਭਿਆਚਾਰ ਸਿਰਜਿਆ ਗਿਆ ਹੈ , ਸਿਰਜਿਆ ਜਾ ਰਿਹਾ ਹੈ ਜਾਂ ਸਿਰਜਿਆ ਜਾਵੇਗਾ । ਇਸ ਪ੍ਰਸੰਗ ਵਿੱਚ ਗਰੇਟ ਬ੍ਰਿਟੇਨ ਦੇ ਰਾਜਨੀਤਕ ਸਿਸਟਮ ਦੇ ਆਪਣੇ ਅਧਿਐਨ ਦੇ ਆਧਾਰ ' ਤੇ ਰੋਮੰਡ ਵਿਲੀਅਮਜ਼ ਦਾ ਇਹ ਮੰਨਣਾ ਹੈ ਕਿ ਸਮੇਤ ਗਰੇਟ ਬ੍ਰਿਟੇਨ ਉੱਤਰ - ਆਧੁਨਿਕ ਸੰਸਾਰ ਦੇ ਅਨੇਕ ਉਹ ਅਤਿ ਵਿਕਸਤ ਅਤੇ ਘੱਟ ਵਿਕਸਤ ਦੇਸ਼ ਜੋ ਆਪੋ - ਆਪਣੇ ਰਾਜਾਂ ਅਤੇ ਰਾਜਨੀਤਕ ਪ੍ਰਬੰਧਾਂ ਦੇ ਲੋਕਤੰਤਰੀ ਅਤੇ ਮਨੁੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ , ਅਸਲ ਵਿੱਚ ਇੱਕ ਛਲਾਵੇ ਅਤੇ ਪ੍ਰਾਪੇਗੰਡੇ ਤੋਂ ਵੱਧ ਕੁੱਝ ਨਹੀਂ ਹਨ ।
ਦੁਨੀਆਂ ਦੇ ਵਿਭਿੰਨ ਲੋਕਤੰਤਰੀ ਢਾਂਚਿਆਂ ਅਤੇ ਇਨ੍ਹਾਂ ਦੇ ਅੰਦਰਵਾਰ ਕਾਰਜਸ਼ੀਲ ਪੂੰਜੀਵਾਦੀ ਆਰਥਿਕ , ਰਾਜਸੀ , ਪ੍ਰਸ਼ਾਸਕੀ , ਧਾਰਮਿਕ , ਅਕਾਦਮਿਕ ਆਦਿ ਗਠਜੋੜਾਂ ਅਤੇ ਲੁਟੇਰਾ ਮਾਫ਼ੀਆ ਗਠਨਾਂ ਦੀ ਅੰਦਰਲੀ ਜੁਗਤ ਦੇ ਵਿਆਖਿਆ - ਵਿਸ਼ਲੇਸ਼ਣ ਦੇ ਹਵਾਲੇ ਨਾਲ ਰੋਮੰਡ ਵਿਲੀਅਮਜ਼ ਦੀ ਗਹਿਰੀ ਸਭਿਆਚਾਰਕ ਸਮਝ ਇਹ ਦੱਸਦੀ ਹੈ ਕਿ ਦੇਸ਼ ਦੇ ਰਾਜਸੀ ਅਹੁਦਿਆਂ ਉੱਪਰ ਕਾਬਜ਼ ਵਰਗ ਨੇ , ਆਪਣੇ ਨਿੱਜੀ ਫ਼ਾਇਦਿਆਂ ਅਤੇ ਵਧੀਆਂ ਹੋਈਆਂ ਅਭਿਲਾਸ਼ਾਵਾਂ ਦੀ ਪੂਰਤੀ ਲਈ ਰਾਜਨੀਤਕ ਸੱਤਾ ਦੇ ਨਾਲ - ਨਾਲ ਪੂੰਜੀਵਾਦੀ / ਮੰਡੀ ਤਾਕਤਾਂ ( ਅਤਿ ਸੰਗਠਿਤ ਅਤੇ ਸ਼ਕਤੀਸ਼ਾਲੀ ਕਾਰਪੋਰੇਟ ਜਗਤ ) ਅਤੇ ਇਸ ਦੇ ਹੱਥਠੋਕਾ ਬਣੇ ਲਗਭਗ ਸਾਰੇ ਦੇ ਸਾਰੇ ਸੰਚਾਰ - ਮਾਧਿਅਮਾਂ ਦੀ ਇੱਕ ਹਥਿਆਰ ਦੇ ਰੂਪ ਵਿੱਚ ਭਰਵੀਂ ਗੈਰ - ਮਿਆਰੀ ਅਤੇ ਅਨੈਤਿਕ ਵਰਤੋਂ ਕਰਦਿਆਂ , ਜਨਤਾ ਅਤੇ ਲੋਕਾਂ ਨੂੰ ਸੂਝਵਾਨ ਸਰੋਤਾ ਜਾਂ ਆਜ਼ਾਦ ਇਨਸਾਨ ਜਾਂ ਨਾਗਰਿਕ ਬਣਾਉਣ ਦੀ ਥਾਂ , ਵਸਤੂ , ਭੀੜ ਜਾਂ ਹਜ਼ੂਮ ਅਰਥਾਤ ਮਹਿਜ਼ ਵੋਟਰ ਤੱਕ ਘਟਾ ਜਾਂ ਸੀਮਤ ਕਰ ਦਿੱਤਾ ਹੈ ।
ਰੇਮੰਡ ਵਿਲੀਆਮਜ਼ ਦੀ ਸਮਝ ਹੈ ਕਿ ਉੱਤਰ - ਆਧੁਨਿਕ ਯੁੱਗ ਦੀਆਂ ਚਾਲਕ ਸ਼ਕਤੀਆਂ ਨੇ ਲੋਕਾਂ ਵਿੱਚ ਧਰਮ , ਜਾਤੀ ਆਦਿ ਵੱਖਰਤਾਵਾਂ ਨੂੰ ਵਧਾ ਕੇ ਅਤੇ ਲੋਕਾਂ ਦਰਮਿਆਨ ਰੰਗ - ਬਰੰਗੇ ਭਾਰਮਿਕ ਪਾੜ ਉਸਾਰ ਕੇ , ਉਨ੍ਹਾਂ ਨੂੰ ਲਾਈਲੱਗ , ਚੰਚਲ , ਪੂਰਵਾਗ੍ਰਾਹੀ , ਕੰਨਾਂ ਦੇ ਕੱਚੇ , ਪ੍ਰਤੀਕਰਮੀ , ਅਧੀਰ , ਬੇਚੈਨ , ਸਨਕੀ , ਮਕਾਨੀਕਲ , ਛੇਤੀ ਉਛਾਲਾ ਅਤੇ ਉਬਾਲਾ ਖਾ ਜਾਣ ਵਾਲੇ ਬਣਾ ਕੇ , ਕਿਸੇ ਦੇ ਚਲਾਏ ਮੋਹਰੇ ਵਾਂਗ ਚੱਲਣ ਵਾਲੀ ਇੱਕ ਪ੍ਰਕਾਰ ਦੀ ਬੇਮੁਹਾਰ ' ਭੀੜ ' ਦਾ ਰੂਪ ਦੇ ਦਿੱਤਾ ਹੈ । ਉਪਰੋਂ ਲੋਕਤੰਤਰ ਦੀ ਰਾਖੀ ਕਰਨ ਲਈ ਉਸਾਰੀਆਂ ਗਈਆਂ ਸਮੁੱਚੀਆਂ ਸੰਸਥਾਵਾਂ ਦੀ ਸੁਤੰਤਰਤਾ ਅਤੇ ਨਿਆਂਸ਼ੀਲਤਾ ਨੂੰ ਆਪਣੇ ਪੂੰਜੀਪਤੀ ਸਰਪ੍ਰਸਤਾਂ ਅਤੇ ਮਿੱਤਰਾਂ ਦੀ ਸਹਾਇਤਾ ਨਾਲ ਵੱਡਾ ਖੋਰਾ ਲਾ ਕੇ ਇਨ੍ਹਾਂ ਸੰਸਥਾਵਾਂ ਪ੍ਰਤੀ ਲੋਕਾਂ ਦੀ ਆਸ , ਆਸਥਾ ਅਤੇ ਵਿਸ਼ਵਾਸਯੋਗਤਾ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ ।
ਐਸੀਆਂ ਵਿਕਰਾਲ ਹਾਲਤਾਂ ਵਿੱਚ ਸੱਤਾਧਾਰੀਆਂ ਦੀਆਂ ਮਨੁੱਖ ਦੇਖੀ ਨੀਤੀਆਂ ਦਾ ਵਿਰੋਧ ਅਤੇ ਆਪਣੇ ਮੂਲ ਮਨੁੱਖੀ ਹੱਕਾਂ , ਮਨੁੱਖੀ ਸੁਤੰਤਰਤਾ ਆਦਿ ਦੀ ਮੰਗ ਕਰਦੀਆਂ ਨਾਬਰੀ ਵਾਲੀਆਂ ਜਾਇਜ਼ ਆਵਾਜ਼ਾਂ ਨੂੰ ਦੇਸ਼ - ਵਿਰੋਧੀ ਸਮਾਜ ਅਤੇ ਸਭਿਆਚਾਰ ਵਿਰੋਧੀ ਅਤੇ ਦੇਸ਼ ਲਈ ਘਾਤਕ ਜਾਂ ਖ਼ਤਰਨਾਕ ਗਰਦਾਨ ਕੇ , ਸਿਹਤਮੰਦ , ਸਿਰਜਣਾਤਮਕ ਅਤੇ ਵੱਖਰੀ ਰਾਇ ਅਤੇ ਵਿਚਾਰ ਰੱਖਣ ਵਾਲਿਆਂ ਨੂੰ ਲੋਕਾਂ ਦੀ ਸੇਵਾ ਲਈ ਸਿਰਜੇ ਸਟੇਟ ਦੇ ਵਿਭਿੰਨ ਹਥਿਆਰਾਂ ( ਪੁਲੀਸ , ਮਿਲਟਰੀ , ਕੋਰਟਾਂ ਆਦਿ ) ਨੂੰ ਲੋਕਾਂ ਦੀ ਸੇਵਾ ਥਾਂ ਆਪਣੇ ਹਿਤਾਂ ਦੀ ਪੂਰਤੀ ਜਾਂ ਸੇਵਾ ਲਈ ਵਰਤ ਕੇ ਅਤੇ ਇਨ੍ਹਾਂ ਰਾਹੀਂ ਡਰ ਅਤੇ ਦਹਿਸ਼ਤ ਦਾ ਮਾਹੌਲ ਉਸਾਰ ਕੇ ਜਾਗਰੂਕ , ਪ੍ਰਤੀਬੱਧ ਅਤੇ ਸੱਚ ਪ੍ਰਤੀ ਸਮਰਪਿਤ ਲੋਕਾਂ ਨੂੰ ਆਪਣੇ ਵੱਖਰੇ ਵਿਚਾਰਾਂ ਜਜ਼ਬਾਤਾਂ ਅਤੇ ਵਿਦਰੋਹਾਂ ਨੂੰ ਪੱਕੇ ਤੌਰ ' ਤੇ ਆਪਣੇ ਅੰਦਰ ਹੀ ਦੱਬ ਕੇ ਰੱਖਣ ਦੇ ਐਸੋ ਅਕਰਮਕ ਅਤੇ ਸਹਿਣਸ਼ੀਲ ਰੁਝਾਨ / ਸਭਿਆਚਾਰ ( ਪੱਕੇ ਤੌਰ ਤੇ ਜੁਬਾਨਬੰਦੀ ਦੀ ਸਥਿਤੀ ਨਾਲ ਨੂੜੇ ਰਹਿਣ ਵਾਲੀ ਮਨੋਹਾਲਤ ) ਦੇ ਧਾਰਨੀ ਬਣਾ ਦਿੱਤਾ ਜਾਂਦਾ ਹੈ ਜਿਸ ਵਿੱਚ ਉਹ ਸਟੇਟ ਦੀਆਂ ਹਰ ਪ੍ਰਕਾਰ ਦੀਆਂ ਬਦਨੀਤੀਆਂ ਅਤੇ ਵਧੀਕੀਆਂ ਪ੍ਰਤੀ ਚੁੱਪੀ ਧਾਰਨ ਕਰਨ ਵਿੱਚ ਹੀ ਆਪਣੀ ਭਲਾਈ ਅਤੇ ਬਿਹਤਰੀ ਸਮਝਣ ਲੱਗ ਪੈਂਦੇ ਹਨ ।
ਗਿਣ - ਮਿੱਥ ਕੇ ਐਸਾ ਭਿਆਨਕ ਦਹਿਸ਼ਤੀ ਮਾਹੌਲ ਪੈਦਾ ਕਰਨ ਪਿੱਛੇ ਸਟੇਟ ਦਾ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਵਰਤਮਾਨ ਵਿੱਚ ਹੀ ਨਹੀਂ ਸਗੋਂ ਭਵਿੱਖ ਵਿੱਚ ਵੀ ਨਾਬਰੀ ਅਤੇ ਵਿਦਰੋਹ ਦੀ ਕੋਈ ਸਿਰਜਣਾਤਮਕ ਅਤੇ ਸਿਹਤਮੰਦ ਆਵਾਜ਼ ਆਪਣਾ ਸਿਰ ਨਾ ਉਠਾ ਸਕੇ । ਇਵੇਂ ਕੁਲ ਮਿਲਾ ਕੇ ਤਥਾਕਥਿਤ ਲੋਕਤੰਤਰੀ ਪ੍ਰਬੰਧ ਵਿੱਚ ਸੱਤਾਧਾਰੀਆਂ ਦੇ ਲੋਟੂ ਕਾਰਜਾਂ , ਭੈੜਾਂ , ਅਨਿਆਂ ਅਤੇ ਧੱਕਿਆਂ ਨੂੰ ਬਿਨਾਂ ਵਿਰੋਧ ਸਵੀਕ੍ਰਿਤੀ ਦੇਣ , ਕਿਸੇ ਨੂੰ ਉਨ੍ਹਾਂ ਵੱਲ ਉਂਗਲ ਨਾ ਚੁੱਕਣ ਦੇਣ , ਲੋਕਾਂ ਦੇ ਭੀੜ ਅਤੇ ਫਿਰ ਭੀੜ ਦੇ ਦੰਗਈਆਂ ਅਤੇ ਫਸਾਦੀਆਂ ਵਿੱਚ ਬਦਲ ਜਾਣ ਵਾਲੇ ਸਮੁੱਚੇ ਨਾਂਹ - ਪੱਖੀ ਵਰਤਾਰੇ ਨੂੰ ਰੋਮੰਡ ਵਿਲੀਅਮਜ਼ ਜਨਤੰਤਰੀ ਢਾਂਚੇ ਲਈ ਤਾਂ ਖ਼ਤਰਨਾਕ ਮੰਨਦਾ ਹੀ ਹੈ , ਇਸਨੂੰ ਇੱਕ ਮਨੁੱਖ ਹਿਤੈਸ਼ੀ ਸਮਾਜ ਅਤੇ ਸਭਿਆਚਾਰ ਸਿਰਜਣ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਵੀ ਮੰਨਦਾ ਹੈ।
ਰੇਮੰਡ ਵਿਲੀਅਮਸ ਇੱਕ ਪ੍ਰਸਿੱਧ ਪੱਛਮੀ ਚਿੰਤਕ ਅਤੇ ਨਾਵਲਕਾਰ ਹੋਏ ਹਨ। ਜੋ ਸੰਸਾਰ ਦੇ ਉੱਚ ਕੋਟੀ ਦੇ ਚਿੰਤਕਾਂ ਵਿੱਚ ਗਿਣੇ ਜਾਂਦੇ ਹਨ। ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਸਨ। ਰੇਮੰਡ ਵਿਲੀਅਮਸ ਨੇ ਆਪਣੇ ਸੁਹਜ ਸ਼ਾਸਤਰ ਨਾਲ ਕਲਾ, ਸੱਭਿਆਚਾਰ, ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ, ਖੇਡ ਵਿਗਿਆਨ, ਰਾਜਨੈਤਿਕ ਆਦਿ ਬਹੁਤ ਸਾਰੇ ਵੱਖ-ਵੱਖ ਸਿੱਖਿਆ ਦੇ ਖੇਤਰਾਂ ਵਿੱਚ ਉੱਚ ਕੋਟੀ ਦਾ ਗਿਆਨ ਰਚਿਆ ਅਤੇ ਵੱਖ ਵੱਖ ਵਿਸ਼ਿਆ ਦਾ ਡੂੰਘਾਈ ਨਾਲ ਅਧਿਐਨ ਵੀ ਕੀਤਾ। ਰੇਮੰਡ ਵਿਲੀਅਮਸ ਨੇ ਵੱਡੀ ਗਿਣਤੀ ਵਿੱਚ ਨਵੇਂ ਸ਼ਬਦ ਵੀ ਘੜੇ ਅਤੇ ਹੋਰ ਪਹਿਲਾਂ ਤੋਂ ਚੱਲੇ ਆ ਰਹੇ ਸ਼ੰਕਾਜਨਕ ਸ਼ਬਦਾਂ ਦਾ ਵਿਗਿਆਨਕ ਅਤੇ ਇਤਿਹਾਸਕ ਅਧਿਐਨ ਵੀ ਕੀਤਾ। ਉਹਨਾਂ ਸ਼ਬਦਾਂ ਦੇ ਅਰਥਾਂ ਦੇ ਪੱਖ ਵਿੱਚ ਰੇਮੰਡ ਵਿਲੀਅਮਸ ਨੇ ਆਪਣੇ ਵਿਗਿਆਨਕ ਵਿਚਾਰ ਵੀ ਪੇਸ਼ ਕੀਤੇ ਹਨ, ਅਤੇ ਉਹ ਸ਼ਬਦ ਵੱਖ-ਵੱਖ ਸਿੱਖਿਅਕ ਖੇਤਰਾਂ ਵਿੱਚ ਢੁੱਕਵੇਂ ਤੌਰ ਤੇ ਵਰਤੇ ਵੀ ਜਾਂਦੇ ਹਨ। ਸਭਿਆਚਾਰ ਅਤੇ ਸਮਾਜ ਸ਼ਾਸਤਰ ਬਾਰੇ ਰੇਮੰਡ ਵਿਲੀਅਮਸ ਨੇ ਵਿਸ਼ੇਸ਼ ਅਧਿਐਨ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਵਿਚਾਰ ਆਪਣੀਆਂ ਬਹੁਤ ਸਾਰੀਆਂ ਪੁਸਤਕਾਂ ਵਿੱਚ ਵੀ ਪੇਸ਼ ਕੀਤੇ। ਅੱਗੇ ਅਸੀਂ ਰੇਮੰਡ ਵਿਲੀਅਮਸ ਦੇ ਜੀਵਨ ਉਹਨਾਂ ਦੀਆਂ ਰਚਨਾਵਾਂ ਅਤੇ ਉਹਨਾਂ ਦੀ ਵਿਚਾਰਧਾਰਾ ਬਾਰੇ ਸੰਖੇਪ ਵਿੱਚ ਅਧਿਐਨ ਕਰ ਰਹੇ ਹਾਂ।
ਰੇਮੰਡ ਵਿਲੀਅਮਸ ਦਾ ਪੂਰਾ ਨਾਮ ਰੇਮੰਡ ਹੈਨਰੀ ਵਿਲੀਅਮਸ ਸੀ। ਉਹਨਾਂ ਦਾ ਜਨਮ 31 ਅਗਸਤ 1921 ਈ: ਲਲਾਨਫੀਹੈਂਗਲ ਕਰੂਕੋਰਨੀ, ਵੇਲਸ਼ ਵਿੱਚ ਹੋਇਆ ਸੀ। ਉਹ ਇੱਕ ਵੇਲਸ਼ ਅਕੈਡਮਿਕ ਨਾਵਲਕਾਰ ਅਤੇ ਆਲੋਚਕ ਸਨ। ਉਹ ਨਿਊ ਲੈਫਟ ਦੇ ਅੰਦਰ ਅਤੇ ਵਿਆਪਕ ਸੰਸਕ੍ਰਿਤੀ ਵਿੱਚ ਇੱਕ ਪ੍ਰਭਾਵ੍ਹਾਲੀ ਵਿਅਕਤੀ ਸੀ, ਰਾਜਨੀਤੀ, ਸੰਸੰਕ੍ਰਿਤੀ, ਮਾਸਮੀਡੀਆ ਅਤੇ ਸਾਹਿਤ ਦੇ ਨਾਲ ਨਾਲ ਸਭਿਆਚਾਰ ਬਾਰੇ ਉਹਨਾਂ ਦੀਆਂ ਲਿਖਤਾਂ ਸੰਸਕ੍ਰਿਤੀ ਅਤੇ ਕਲਾ ਦੀ ਮਾਰਕਸਵਾਦੀ ਆਲੋਚਨਾ ਲਈ ਇੱਕ ਮਹੱਤਵਪੂਰਨ ਯੋਗਦਾਨ ਹਨ। ਉਹਨਾਂ ਦੀਆਂ ਪੁਸਤਕਾਂ ਵਿਚੋਂ ਲੱਗਪਗ 7,50,000 ਕਾਪੀਆਂ ਇਕੱਲੇ ਬ੍ਰਿਟੇਨ ਵਿੱਚ ਹੀ ਵਿਕ ਗਈਆਂ ਸਨ। ਉਹਨਾਂ ਦੁਆਰਾ ਕੀਤੇ ਹੋਏ ਕੁੱਝ ਅਨੁਵਾਦ ਵੀ ਮਿਲਦੇ ਹਨ।ਰੇਮੰਡ ਵਿਲੀਅਮਸ ਇੱਕ ਪਿੰਡ ਵਿੱਚ ਇੱਕ ਰੇਲਵੇ ਕਰਮਚਾਰੀ ਦਾ ਪੁੱਤਰ ਸੀ। ਜਿਥੇ ਸਾਰੀਆਂ ਹੀ ਰੇਲਵੇ ਕਰਮਚਾਰੀਆਂ ਦੀਆਂ ਵੋਟਾਂ ਸਨ। ਜਿਥੇ ਰੇਮੰਡ ਵਿਲੀਅਮਸ ਦੇ ਪਿਤਾ ਜੀ ਕਰਮਚਾਰੀ ਸਨ। ਉਸੇ ਖੇਤਰ ਵਿੱਚ ਵੈਲਸ਼ ਭਾਸ਼ਾ ਨਹੀਂ ਬੋਲੀ ਜਾਂਦੀ ਸੀ। ਉਹ ਉਥੇ ਆਪਣੇ ਆਪ ਨੂੰ Anglicisea ਦੇ ਤੌਰ ਤੇ ਪੇਸ਼ ਕਰਦਾ ਹੈ। ਉਸ ਕੋਲ ਫਿਰ ਵੀ ਇੱਕ ਮਜਬੂਤ ਵੈਲਸ਼ ਪਛਾਣ ਸੀ। ਜਿਸ ਕਰ ਕੇ ਉਥੇ ਉਸ ਨਾਲ ਮਜਾਕ ਕੀਤਾ ਜਾਂਦਾ ਸੀ ਕਿ ਉਸ ਦਾ ਪਰਿਵਾਰ ਨੋਰਮਾ ਨਾਲ ਆਇਆ ਹੈ। ਰੇਮੰਡ ਵਿਲੀਅਮਸ ਨੇ ਕਿੰਗ ਹੈਨਰੀ ਅੱਠਵੇਂ ਦੇ ਐਬਰਗਵੇਨੀ ਦੇ ਵਿਆਕਰਨ ਸਕੂਲ ਵਿੱਚ ਦਾਖਲਾ ਲਿਆ। ਉਸ ਦੀ ਜਵਾਨੀ ਦੇ ਮੁਢਲੇ ਸਮੇਂ ਵਿੱਚ ਨਾਜੀਵਾਦ ਜਨਮ ਲੈ ਚੁੱਕਾ ਸੀ। ਉਸ ਸਮੇਂ ਨਾਜੀਵਾਦੀ ਉਥੇ ਉਹਨਾਂ ਨੂੰ ਜੰਗ ਦੀ ਧਮਕੀ ਦੇ ਕੇ ਗਏ ਸਨ। ਜਦੋਂ ਰੇਮੰਡ ਵਿਲੀਅਮਸ 14 ਸਾਲ ਦਾ ਸੀ ਤਾਂ ਉਸ ਸਮੇਂ ਸਪੇਨੀ ਸਿਵਲ ਯੁੱਧ ਸ਼ੁਰੂ ਹੋ ਚੁੱਕਿਆ ਸੀ। ਉਸ ਸਮੇਂ ਰੇਮੰਡ ਵਿਲੀਅਮਸ ਦਾ ਖੱਬੇ ਪੱਖੀ ਧਾਰਨਾ ਵਿੱਚ ਮੈਂਬਰ ਵਜੋਂ ਆਉਣਾ ਸਭ ਵਿੱਚ ਚਰਚਿੱਤ ਹੋ ਚੁੱਕਿਆ ਸੀ। ਉਸ ਸਮੇਂ ਉਸ ਦੀ ਬਰਤਾਨੀਆਂ ਦੇ ਇੱਕ ਖੱਬੇ ਪੱਖੀ ਬੁੱਕ ਕਲੱਬ ਵਿੱਚ ਛਪੀ 'Red Star' ਚੀਨ ਨਾਲੋਂ ਜਿਆਦਾ ਇਤਾਲਵੀ ਹਮਲੇ ਦਾ ਜਿਕਰ ਸੀ।ਉਸ ਸਮੇਂ ਰੇਮੰਡ ਵਿਲੀਅਮਸ ਰਾਸਟਰ ਦੀ ਇੱਕ ਲੀਗ ਦਾ ਸਮਰਥਕ ਸੀ ਇਸ ਲੀਗ ਦਾ ਉਸਨੇ ਜੋਰਦਾਰ ਸਮਰਥਨ ਕੀਤਾ ਅਤੇ ਫਿਰ ਰੇਮੰਡ ਵਿਲੀਅਮਸ ਨੇ 1837 ਈ: ਜਨੀਵਾ ਵਿੱਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ। ਜਨੀਵਾ ਨੇ ਪੈਰਿਸ ਵਿੱਚ ਸੋਵੀਅਤ ਪਵੇਲੀਅਨ ਦੇ ਅੰਤਰਰਾਸ਼ਟਰੀ ਐਗਜੀਬੀਸ਼ਨ ਦਾ ਦੌਰਾ ਕੀਤਾ। ਉਥੇ ਉਸਨੇ ਕਮਿਊਨਿਸਟ ਮੈਨੀਫੈਸਟੋ ਦੀ ਇੱਕ ਕਾਪੀ ਖਰੀਦੀ ਅਤੇ ਪਹਿਲੀ ਵਾਰ ਕਾਰਲ ਮਾਰਕਸ ਅਤੇ ਉਸ ਦੇ ਵਿਚਾਰਾਂ ਨੂੰ ਪੜਿਆ।
ਰੇਮੰਡ ਵਿਲੀਅਮਸ ਨੇ ਕੇਮਬਰਿਜ ਦੇ ਤਿਰਨਟੀ ਕਾਲਜ ਵਿੱਚ ਦਾਖਲਾ ਲਿਆ। ਇੱਥੇ ਹੀ ਉਸਨੇ ਬਰਤਾਨੀਆਂ ਦੀ ਕਮਿਊਨਿਸਟ ਪਾਰਟੀ ਵਿੱਚ ਹਿੱਸਾ ਲਿਆ। ‘ਐਰਿਕ ਹਾਬਸਬਾਮ ਦੇ ਨਾਲ ਨਾਲ ਉਸਨੂੰ ਰੂਸੋ-ਹਿਬਰੂ ਜੰਗ ਬਾਰੇ ਇੱਕ ਕਮਿਊਨਿਸਟ ਪਾਰਟੀ ਪਰਚਾ ਲਿਖਣ ਦਾ ਕੰਮ ਦਿੱਤਾ ਗਿਆ ਸੀ। ਰੇਮੰਡ ਵਿਲੀਅਮਸ ਨੂੰ ਕਿਹਾ ਗਿਆ ਕਿ ਜੇਕਰ ਕੋਈ ਉਹਨਾਂ ਨੂੰ ਇਤਿਹਾਸਕ ਸਮੱਗਰੀ ਜਲਦੀ ਨਾਲ ਲਿਖ ਕੇ ਦੇਵੇਗਾ ਤਾਂ ਉਸਨੂੰ ਨੌਕਰੀ ਦਿੱਤੀ ਜਾਵੇਗੀ। ਇਸ ਵਿੱਚ ਉਹਨਾਂ ਵੱਲੋਂ ਅਕਸਰ ਹੀ ਇਸ ਤਰ੍ਹਾਂ ਦੇ ਵਿਸ਼ੇ ਦਿੱਤੇ ਜਾਂਦੇ ਸੀ ਜਿੰਨਾਂ ਬਾਰੇ ਤੁਸੀਂ ਬਹੁਤਾ ਕੁੱਝ ਨਹੀਂ ਜਾਣਦੇ ਹੁੰਦੇ ਸੀ, ਜਿਵੇਂ ਸ਼ਬਦਾਂ ਨਾਲ ਇੱਕ ਪੇਸ਼ਵਰ ਹੋਣ ਦੇ ਨਾਤੇ ਤੁਹਾਨੂੰ ਸਭ ਕੁੱਝ ਤਰਤੀਬ ਵਾਰ ਅਤੇ ਢੁੱਕਵਾਂ ਲਿਖਣਾ ਪੈਂਦਾ ਹੋਵੇ। ਉਸ ਸਮੇਂ ਨਾਲ ਹੀ ਬ੍ਰਿਟਿਸ ਸਰਕਾਰ ਸੋਵਿਅਤ ਸੰਘ ਵਿਰੁੱਧ ਰੂਸ ਦੀ ਸਹਾਇਤਾ ਕਰਨ ਦੀ ਇੱਛੁਕ ਸੀ। ਉਸ ਸਮੇਂ ਨਾਜੀਆ ਅਤੇ ਜਰਮਨੀ ਦੀ ਲੜਾਈ ਹੋਣ ਜਾ ਰਹੀ ਸੀ।
ਰੇਮੰਡ ਵਿਲੀਅਮਸ ਨੇ 1946 ਈ: ਵਿੱਚ ਕੈਮਬਰਿਜ ਦੇ ਤਿਰਨਟੀ ਕਾਲਜ ਤੋਂ ਐਸ.ਏ. ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਕੁੱਝ ਸਮੇਂ ਲਈ ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਉਸਤਾਦ ਦੇ ਤੌਰ ਤੇ ਸਿੱਖਿਆ ਦੇਣ ਦਾ ਕੰਮ ਵੀ ਕਰਦਾ ਰਿਹਾ 1951 ਈ: ਵਿੱਚ ਉਸਨੂੰ ਆਰਮੀ ਵਿੱਚ ਪੱਕੇ ਤੌਰ ਤੇ ਨੌਕਰੀ ਅਤੇ ਕੋਰੀਆ ਵਿੱਚ ਲੜਾਈ ਲਈ ਬੁਲਾਇਆ ਗਿਆ। ਰੇਮੰਡ ਵਿਲੀਅਮਸ ਨੇ ਆਪਣੇ ਰੁਤਬੇ ਅਤੇ ਜਮੀਰ ਦੇ ਤੌਰ ਤੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ।
1958 ਈ: ਵਿੱਚ ਪ੍ਰਕਾਸ਼ਿਤ ਹੋਈ ਰੇਮੰਡ ਵਿਲੀਅਮਸ ਦੀ ਪੁਸਤਕ ‘ਸਭਿਆਚਾਰ ਅਤੇ ਸੋਸਾਇਟੀ‘ ਨੇ ਉਸਨੂੰ ਤੁਰੰਤ ਸਫਲਤਾ ਦਵਾਉਣ ਵਿੱਚ ਮਦਦ ਕੀਤੀ। ਇਸ ਲੰਬੇ ਇਨਕਲਾਬ ਨੇ ਵਿਲੀਅਮਸ ਦੇ ਲਿਖੇ ਖੱਬੇ ਪੱਖੀ ਵਿਚਾਰਾਂ ਨੂੰ ਇੱਕ ਵਿਆਪਕ ਰੀਡਰਸ਼ਿਪ ਪ੍ਰਾਪਤ ਕੀਤੀ। ਉਹ ਮੈਨਚੇਸਟਰ ਗਾਰਡੀਅਨ ਅਖਬਾਰ ਦੇ ਲਈ ਇੱਕ ਰੇਗੂਲਰ ਲਿਖਾਰੀ ਅਤੇ ਸਮੀਖਿਅਕ ਵਜੋਂ ਜਾਣਿਆ ਜਾਣ ਲੱਗਾ। ਉਸ ਦੇ ਬਾਲਗ ਸਿੱਖਿਆ ਦੇ ਕੇਮਬ੍ਰਿਜ ਯੂਨੀਵਰਸਿਟੀ ਵਿੱਚ ਬਿਤਾਏ ਸਾਲ ਉਸ ਲਈ ਜਰੂਰੀ ਅਨੁਭਵ ਬਣ ਗਏ ਸਨ। ਵਿਲੀਅਮਸ ਆਪਣੇ ਆਪਨੂੰ ਹਮੇਸ਼ਾ ਕੇਮਬਰਿਜ ਯੂਨੀਵਰਸਿਟੀ ਵਿੱਚ ਓਪਰਾ ਸਮਝਦਾ ਜਾਂ ਮਹਿਸੂਸ ਕਰਦਾ ਸੀ। ਜਦੋਂ ਵਿਲੀਅਮਸ ਕੋਲੋਂ ‘ਅ ਬੁੱਕ ਕਾਲਡ ਮਾਈ ਕੇਮਬਰਿਜ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸ਼ੁਰੂ ਵਿੱਚ ਹੀ ਉੱਤਰ ਦਿੱਤਾ ਕੀ ਇਹ ਮੇਰਾ ਕੇਮਬਰਿਜ ਕਦੇ ਨਹੀਂ ਹੋ ਸਕਦਾ। ਇਹ ਉਸ ਦੀ ਸਪਸ਼ਟ ਸੋਚ ਨੂੰ ਬਿਆਨ ਕਰਨ ਵਾਲੇ ਉੱਤਰ ਸਨ।
ਰੇਮੰਡ ਵਿਲੀਅਮਸ ਨੇ ‘ਮਾਰ੍ਹਲ ਮੈਕਲੁਹਾਨ ਦੀ ਇੱਕ ਲਿਖਤ [ਤਕਨਾਲੋਜੀ ਤੇ ਸਮਾਜ] ਉੱਪਰ ਇੱਕ ਆਲੋਚਨਾਤਮਕ ਲੇਖ ਲਿਖਿਆ ਸੀ। ਇਸ ਦੇ ਪਿਛੋਕੜ ਵਿੱਚ ਟੈਲੀਵਿਯਨ ਦਾ ਇੱਕ ਅਧਿਆਇ ਪੇਸ਼ ਕੀਤਾ ਗਿਆ ਸੀ। 1974 ਈ: ਵਿੱਚ ਉਹ ਤਕਨਾਲੋਜੀ ਅਤੇ ਸਭਿਆਚਾਰ ਫਾਰਮ ਨੂੰ ਸਮਝਣ ਅਤੇ ਉਸ ਦਾ ਅਧਿਐਨ ਕਰਨ ਵਿੱਚ ਲੱਗਾ ਰਿਹਾ। ਇਸ ਤੋਂ ਬਾਅਦ ਰੇਮੰਡ ਵਿਲੀਅਮਸ ਨੇ ਤਕਨਾਲੋਜੀ ਦੇ ਵਿਰੁੱਧ ਆਪਣੇ ਦਾਰਸ਼ਨਿਕ ਵਿਚਾਰ ਪੇਸ਼ ਕੀਤੇ ਸਨ। ਉਸ ਦਾ ਕਹਿਣਾ ਸੀ ਕਿ ਜਿਸ ਪ੍ਰਕਾਰ ਤਕਨਾਲੋਜੀ ਸਮਾਜ ਉੱਪਰ ਫੈਲ ਕੇ ਉਸਨੂੰ ਆਪਣੇ ਕਲੇਵਰ ਵਿੱਚ ਲੈ ਰਹੀ ਹੈ। ਰੇਮੰਡ ਵਿਲੀਅਮਸ ਦਾ ਖਾਸ ਧਿਆਨ ਲੋਕਾਂ ਨੂੰ ਤਕਨਾਲੋਜੀ ਪੱਖੋਂ ਗਿਆਨ ਦਵਾਉਣਾ ਸੀ। ਰੇਮੰਡ ਵਿਲੀਅਮਸ ਦਾ ਕਹਿਣਾ ਸੀ ਕਿ ਤਕਨਾਲੋਜੀ ਸੱਚਮੁੱਚ ਮਨੁੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਜਾਂ ਫਿਰ ਇਸ ਦਾ ਮੁੱਖ ਮੰਤਵ ਸੱਚਮੁੱਚ ਮੁਕੰਮਲ ਸਮਾਜਿਕ ਅਤੇ ਸਭਿਆਚਾਰਕ ਵਿਕਾਸ ਕਰਨਾ ਹੈ। ਰੇਮੰਡ ਵਿਲੀਅਮਸ ਨੇ ਵਿਚਾਰ ਪ੍ਰਗਟ ਕੀਤਾ ਕਿ ਸਾਨੂੰ ਤਕਨਾਲੋਜੀ ਦੀ ਤੁਲਨਾ ਵਿੱਚ ਸਮਾਜ ਨੂੰ ਜਿਆਦਾ ਸਮਝਣ ਅਤੇ ਇਸ ਦਾ ਵਿਕਾਸ ਕਰਨ ਦੀ ਅਜੋਕੇ ਸਮੇਂ ਵਿੱਚ ਲੋੜ ਹੈ।
ਸਭਿਆਚਾਰ ਅਤੇ ਸਮਾਜ ਬਾਰੇ ਰੇਮੰਡ ਵਿਲੀਅਮਸ ਦੀ ਪੁਸਤਕ 1958 ਈ: ਵਿੱਚ ਛਪੀ ਸੀ। ਰੇਮੰਡ ਵਿਲੀਅਮਸ ਇੱਕ ਵੈਲਸ਼ ਪ੍ਰਗਤੀਸ਼ੀਲ ਲੇਖਕ ਵਜੋਂ ਜਾਣਿਆ ਜਾਂਦਾ ਸੀ। ਇਸ ਪੁਸਤਕ ਵਿੱਚ ਰੇਮੰਡ ਵਿਲੀਅਮਸ ਨੇ ਵਿਚਾਰ ਦਿੱਤੇ ਕਿ ਕਿਸ ਪ੍ਰਕਾਰ ਅਠਾਰਵੀਂ ਅਤੇ ਵੀਹਵੀਂ ਸਦੀ ਦੌਰਾਨ ਪੱਛਮੀ ਸਭਿਆਚਾਰ ਵਿਕਸਿਤ ਹੋਇਆ ਜਾਂ ਕੀਤਾ ਜਾ ਸਕਦਾ ਹੈ। ਖਾਸ ਕਰ ਬਰਤਾਨੀਆ ਵਿੱਚ ਇਸ ਪੁਸਤਕ ਬਾਰੇ ਸਭਿਆਚਾਰਕ, ਰਿਵਾਇਤੀ ਸਮਾਜਿਕ ਤੇ ਇਤਿਹਾਸਕ ਸੋਚ ਨੂੰ ਉਲਟਾ ਦੇਣ ਵਾਲੇ ਵਿਚਾਰ ਪੇਸ਼ ਕੀਤੇ ਗਏ ਸਨ। ਇਸ ਬਹਿਸ ਵਿੱਚ ਸਨਅਤੀ ਜਾਂ ਉਦਯੋਗਿਕ ਕ੍ਰਾਂਤੀ ਦੇ ਨਾਲ ਨਾਲ ਸਮਾਜਿਕ ਤੇ ਰਾਜਨੀਤਿਕ ਪੱਖ ਵਲੋਂ ਸਭਿਆਚਾਰਕ ਵਿਕਾਸ ਦਾ ਹੁੰਗਾਰਾ ਮਿਲਣਾ ਸ਼ੁਰੂ ਹੋਇਆ। ਰੇਮੰਡ ਵਿਲੀਅਮਸ ਦੇ ਵਿਚਾਰਾਂ ਦੀ ਲੜੀ ਕਰ ਕੇ ਅਸੀਂ ਉਸਨੂੰ ਬਰਤਾਨੀਆਂ ਦਾ ਮਸ਼ਹੂਰ ਲੇਖਕ ਜਾਂ ਲਿਖਾਰੀ ਕਹਿ ਸਕਦੇ ਹਾਂ। ਰੇਮੰਡ ਵਿਲੀਅਮਸ ਦੀ ਪੁਸਤਕ ਜੋ ‘ਸਭਿਆਚਾਰ ਅਤੇ ਸਮਾਜ (Culture and Society) ਦੇ ਨਾਮ ਨਾਲ Chatto and Windus Publication ਵਲੋਂ ਸੰਨ 1958 ਈ: ਵਿੱਚ ਛਾਪੀ ਗਈ ਸੀ। ਇਸ ਪੁਸਤਕ ਦਾ ਬਹੁਤ ਸਾਰੇ ਦੇਸ਼ਾ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਰੇਮੰਡ ਵਿਲੀਅਮਸ ਨੇ ‘ਸ਼ਬਦ: ਸਭਿਆਚਾਰ ਅਤੇ ਸਮਾਜ ਦੀ ਸ਼ਬਦਾਵਲੀ ਨਾਮ ਉੱਪਰ ਵੇਲਸ਼ ਮਾਰਕਸਿਸਟ ਅਕਾਦਮੀ ਵਲੋਂ 1976 ਈ: ਵਿੱਚ ‘ਕਰੂਮ ਹੇਲਨ (Choom Heln) ਪਬਲੀਕੇਸ਼ਨ ਵਲੋਂ ਛਪਵਾਈ ਸੀ। ਇਸ ਪੁਸਤਕ ਵਿੱਚ ਵਿਲੀਅਮਸ ਨੇ ਘੱਟੋ ਘੱਟ ਇੱਕ ਸੋ ਦੇ ਕਰੀਬ ਅਜਿਹੇ ਸ਼ਬਦਾਂ ਦੀ ਰਚਨਾ ਕੀਤੀ ਜੋ ਵਿਗਿਆਨਿਕ ਤੌਰ ਤੇ ਕਲਾ, ਨੋਕਰਸ਼ਾਹੀ, ਸਭਿਆਚਾਰ, ਪ੍ਰਬੰਧ, ਜਨਤਾ, ਕੁਦਰਤ, ਇਨਕਲਾਬ ਸਮਾਜ, ਲੋਕ ਭਲਾਈ ਅਤੇ ਕਿਤੇ ਨਾਲ ਸੰਬੰਧਿਤ ਸਨ। ਜਿਹਨਾਂ ਬਾਰੇ ਕਾਫੀ ਮੱਤਭੇਦ ਪਾਏ ਜਾਂਦੇ ਸਨ। ਰੇਮੰਡ ਵਿਲੀਅਮਸ ਨੇ ਇਸ ਪੁਸਤਕ ਵਿੱਚ ਉਹਨਾਂ ਸ਼ਬਦਾਂ ਨੂੰ ਉਹਨਾਂ ਦੇ ਇਤਿਹਾਸ ਤੋਂ ਪਰਖ ਕੇ ਪੇਸ਼ ਕੀਤਾ ਜੋ ਬਾਅਦ ਵਿੱਚ ਉੱਪਰੋਕਤ ਖੇਤਰਾਂ ਵਿੱਚ ਢੁੱਕਵੇਂ ਤੌਰ ਤੇ ਵਰਤੇ ਵੀ ਗਏ ਸਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਰੇਮੰਡ ਵਿਲੀਅਮਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.