ਸੁਬਰਾਮਨੀਅਮ ਚੰਦਰਸ਼ੇਖਰ (19 ਅਕਤੂਬਰ 1910-21 ਅਗਸਤ 1995) ਦਾ ਜਨਮ ਲਾਹੌਰ (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿਖੇ ਨੂੰ ਪਿਤਾ ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱਚ ਉਨ੍ਹਾਂ ਦੇ ਮਾਤਾ ਉੱਚ ਬੌਧਿਕ ਪੱਧਰ ਦੇ ਧਾਰਨੀ ਅਤੇ ਆਪਣੇ ਬੱਚਿਆਂ ਪ੍ਰਤੀ ਭਾਵੁਕਤਾ ਨਾਲ ਸਮਰਪਿਤ ਸਨ। ਉਹ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਸਰ ਸੀ.ਵੀ.
ਰਮਨ ਦੇ ਭਤੀਜੇ ਸਨ।
ਸੁਬਰਾਮਨੀਅਮ ਚੰਦਰਸ਼ੇਖਰ | |
---|---|
ਜਨਮ | |
ਮੌਤ | ਅਗਸਤ 21, 1995 | (ਉਮਰ 84)
ਨਾਗਰਿਕਤਾ | ਭਾਰਤ (1910–1953) ਅਮਰੀਕਾ (1953–1995) |
ਅਲਮਾ ਮਾਤਰ | ਪ੍ਰੈਜ਼ੀਡੈਂਸੀ ਕਾਲਜ ਚੇਨਈ, ਟਰੀਨਿਟੀ ਕਾਲਜ ਕੈਂਬਰਿਜ |
ਲਈ ਪ੍ਰਸਿੱਧ | ਚੰਦਰਸ਼ੇਖਰ ਸੀਮਾ |
ਪੁਰਸਕਾਰ | ਨੋਬਲ ਪੁਰਸਕਾਰ (1983) ਕੋਪਲੇ ਮੈਡਲ (1984) ਨੈਸ਼ਨਲ ਮੈਡਲ ਆਫ ਸਾਇੰਸ (1966) ਪਦਮ ਵਿਭੂਸ਼ਨ (1968) |
ਵਿਗਿਆਨਕ ਕਰੀਅਰ | |
ਖੇਤਰ | ਖਗੋਲ-ਭੌਤਿਕੀ |
ਅਦਾਰੇ | ਸ਼ਿਕਾਗੋ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਰਾਲਫ ਐਚ. ਫੋਲਰ, ਆਰਥਰ ਸਟੈਂਲੇ ਐਡਿੰਗਟਨ |
ਡਾਕਟੋਰਲ ਵਿਦਿਆਰਥੀ | ਡੋਨਲਡ ਐਡਵਰਡ ਅਸਟਰਬਰੋਕ, ਰੋਨਲਡ ਵਿਨਸਟਨ, ਐਫ. ਪੋਲ ਐਸਪੋਸੀਟੋ, ਜੇਰੇਮਿਆਹ ਪੀ. ਅਸਟ੍ਰੀਕਰ, ਜੇਰੋਮੇ ਕ੍ਰਿਸ਼ਟਿਆਨ |
12 ਸਾਲ ਦੀ ਉਮਰ ਤੱਕ ਮੁੱਢਲੀ ਸਿੱਖਿਆ ਤਾਂ ਉਨ੍ਹਾਂ ਨੇ ਘਰ ਵਿੱਚ ਹੀ ਮਾਤਾ-ਪਿਤਾ ਅਤੇ ਨਿੱਜੀ ਅਧਿਆਪਕਾਂ ਤੋਂ ਪ੍ਰਾਪਤ ਕੀਤੀ। ਸੰਨ 1922 ਵਿੱਚ ਉਹ ਮਦਰਾਸ ਦੇ ਹਿੰਦੂ ਹਾਈ ਸਕੂਲ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ 1922 ਤੋਂ 1925 ਤੱਕ ਪੜ੍ਹਾਈ ਕੀਤੀ। ਸੰਨ 1925 ਵਿੱਚ ਉਨ੍ਹਾਂ ਨੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲਾ ਲਿਆ ਜਿੱਥੋਂ ਉਨ੍ਹਾਂ ਨੇ ਜੂਨ, 1930 ਵਿੱਚ ਬੈਚਲਰ ਆਫ ਸਾਇੰਸ (ਆਨਰਜ਼ ਭੌਤਿਕ ਵਿਗਿਆਨ) ਦੀ ਡਿਗਰੀ ਹਾਸਲ ਕੀਤੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਗਲੀ ਪੜ੍ਹਾਈ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਵਿਖੇ ਕਰਨ ਲਈ ਵਜ਼ੀਫਾ ਲਗਾ ਦਿੱਤਾ। ਇਸ ਲਈ ਸੰਨ 1930 ਵਿੱਚ ਉਨ੍ਹਾਂ ਨੇ ਅਗਲੇਰੀ ਪੜ੍ਹਾਈ ਲਈ ਟਰੀਨਿਟੀ ਕਾਲਜ, ਕੈਂਬਰਿਜ, ਇੰਗਲੈਂਡ ਵਿੱਚ ਦਾਖਲਾ ਲੈ ਲਿਆ। ਸੰਨ 1933 ਵਿੱਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ।
ਉਹ ਵੀਹਵੀਂ ਸਦੀ ਦੇ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਵਿਗਿਆਨਕ ਖੋਜਾਂ ਅਤੇ ਅਧਿਐਨ ਦੇ ਲੇਖੇ ਲਾ ਦਿੱਤਾ। ਸੰਨ 1983 ਵਿੱਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਉਨ੍ਹਾਂ ਨੂੰ ਪ੍ਰੋ. ਵਿਲੀਅਮ ਏ ਫਾਊਲਰ (ਅਮਰੀਕਾ) ਨਾਲ ਸਾਂਝੇ ਤੌਰ ’ਤੇ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਤਾਰਿਆਂ ਦੀ ਸੰਰਚਨਾ ਅਤੇ ਵਿਕਾਸ ਦੇ ਵਿਸ਼ੇਸ਼ ਸਿਧਾਂਤਕ ਅਧਿਐਨ ਕਰਕੇ ਦਿੱਤਾ ਗਿਆ।
ਸੰਨ 1933 ਤੋਂ 1936 ਤੱਕ ਉਨ੍ਹਾਂ ਨੂੰ ਟਰੀਨਿਟੀ ਕਾਲਜ ਇੰਗਲੈਂਡ ਵੱਲੋਂ ਇਨਾਮੀ ਫੈਲੋਸ਼ਿਪ ਮਿਲੀ। ਸੰਨ 1936 ਵਿੱਚ ਉਨ੍ਹਾਂ ਨੇ ਭਾਰਤ ਆ ਕੇ 11 ਸਤੰਬਰ ਨੂੰ ਲਲਿਥਾ ਡੋਰਾਸਵਾਮੀ ਨਾਲ ਵਿਆਹ ਕਰਵਾਇਆ ਜੋ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਵਿੱਚ ਉਨ੍ਹਾਂ ਦੀ ਜੂਨੀਅਰ ਰਹੀ ਸੀ। ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਪੇਸ਼ਕਸ਼ ਆਉਣ ’ਤੇ ਉਹ ਜੁਲਾਈ, 1937 ਵਿੱਚ ਉੱਥੇ ਬਤੌਰ ਰਿਸਰਚ ਐਸੋਸੀਏਟ ਹਾਜ਼ਰ ਹੋਏ। ਬਾਕੀ ਰਹਿੰਦਾ ਜੀਵਨ ਉਨ੍ਹਾਂ ਨੇ ਉੱਥੇ ਹੀ ਵਿਗਿਆਨਕ ਖੋਜਾਂ ਅਤੇ ਅਧਿਐਨ ਕਰਦਿਆਂ ਬਤੀਤ ਕੀਤਾ।
ਉਨ੍ਹਾਂ ਦੇ ਖੋਜ ਕਾਰਜ ਦੀ ਸ਼ੁਰੂਆਤ ਭਾਰਤ ਤੋਂ ਹੀ ਹੋ ਗਈ ਸੀ, ਜਦੋਂ ਉਹ ਪੈ੍ਰਜ਼ੀਡੈਂਸੀ ਕਾਲਜ, ਮਦਰਾਸ ਵਿਖੇ ਗਰੈਜੂਏਸ਼ਨ ਦੇ ਵਿਦਿਆਰਥੀ ਸਨ। ਇੱਥੇ ਪੜ੍ਹਦਿਆਂ ਹੀ ਉਨ੍ਹਾਂ ਨੇ 1929 ਵਿੱਚ ਆਪਣਾ ਪਹਿਲਾ ਪਰਚਾ ‘ਦਿ ਕਰੌਂਪਟਨ ਸਕੈਟਰਿੰਗ ਐਂਡ ਨਿਊ ਸਟੈਟਿਸਟਿਕਸ’ ਲਿਖਿਆ ਅਤੇ ਇੱਥੇ ਹੀ 1930 ਈ. ਵਿੱਚ ਉਨ੍ਹਾਂ ਨੇ ਚੰਦਰਸ਼ੇਖਰ ਸੀਮਾ ਨਾਂ ਦੀ ਵਿਲੱਖਣ ਖੋਜ ਕੀਤੀ ਜੋ ਅੱਜ ਤੱਕ ਕਬੂਲੀ ਜਾ ਰਹੀ ਹੈ।
ਹਰ ਤਾਰਾ ਜਨਮ ਲੈਂਦਾ ਹੈ, ਜੀਵਨ ਭੋਗਦਾ ਹੈ ਅਤੇ ਅੰਤ ਵਿੱਚ ਇਸ ਦੀ ਮੌਤ ਵੀ ਹੁੰਦੀ ਹੈ। ਤਾਰੇ ਦੀ ਊਰਜਾ ਦਾ ਸਰੋਤ ਇਸ ਅੰਦਰ ਹਾਈਡਰੋਜ਼ਨ ਦੇ ਨਿਊਕਲੀਆਈ ਵਿਚਕਾਰ ਚੱਲ ਰਹੀਆਂ ਨਿਊਕਲੀਅਰ ਸੰਯੋਜਨ ਪ੍ਰਤੀਕਿਰਿਆਵਾਂ ਹਨ। ਇਸ ਊਰਜਾ ਨਾਲ ਤਾਰੇ ਦੇ ਹੋਣ ਵਾਲੇ ਫੈਲਾਅ ਅਤੇ ਗੁਰੂਤਾਕਰਸ਼ਣ ਖਿੱਚ, ਦੋਵਾਂ ਵਿੱਚ ਸੰਤੁਲਨ ਬਣਿਆ ਹੁੰਦਾ ਹੈ। ਤਾਰੇ ਦਾ ਜੀਵਨ ਓਨੀ ਦੇਰ ਹੈ ਜਦ ਤੱਕ ਇਹ ਸੰਤੁਲਨ ਕਾਇਮ ਹੈ। ਜਦ ਉਸ ਵਿਚਲੀ ਸਾਰੀ ਹਾਈਡਰੋਜ਼ਨ ਸੰਯੋਜਨ ਪ੍ਰਤੀਕਿਰਿਆਵਾਂ ਦੁਆਰਾ ਹੀਲੀਅਮ ਵਿੱਚ ਬਦਲ ਜਾਂਦੀ ਹੈ ਤਾਂ ਇਹ ਪ੍ਰਤੀਕਿਰਿਆਵਾਂ ਰੁਕ ਜਾਂਦੀਆਂ ਹਨ ਅਤੇ ਗਰਮੀ ਪੈਦਾ ਹੋਣੋਂ ਬੰਦ ਹੋ ਜਾਂਦੀ ਹੈ। ਹੁਣ ਤਾਰਾ ਆਪਣੀ ਹੀ ਗੁਰੂਤਾ ਖਿੱਚ ਨਾਲ ਸੁੰਗੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੀ ਇਹ ਸਟੇਜ ਸਫੇਦ ਵਾਮਨ (ਵਾਈਟ ਡਵਾਰਫ਼) ਕਹਾਉਂਦੀ ਹੈ। ਪਰ ਸੁਬਰਾਮਨੀਅਮ ਚੰਦਰਸ਼ੇਖਰ ਨੇ ਇਹ ਖੋਜਿਆ ਕਿ ਸਫੇਦ ਵਾਮਨ ਜਾਂ ਵਾਈਟ ਡਵਾਰਫ ਬਣਨ ਲਈ ਤਾਰੇ ਦੇ ਮੁੱਢਲੇ ਪੁੰਜ ਦੀ ਇੱਕ ਉਪਰਲੀ ਸੀਮਾ ਹੁੰਦੀ ਹੈ। ਉਨ੍ਹਾਂ ਅਨੁਸਾਰ ਇੱਕ ਤਾਰਾ ਆਪਣੇ ਜੀਵਨ ਦੇ ਆਖਰੀ ਪੜ੍ਹਾਅ ’ਤੇ ਸਫੇਦ ਵਾਮਨ ਤਾਂ ਹੀ ਬਣਦਾ ਹੈ ਜੇ ਉਸ ਦਾ ਮੁੱਢਲਾ ਪੁੰਜ ਸੂਰਜੀ ਪੁੰਜ ਦੇ 1.44 ਗੁਣਾ ਤੋਂ ਘੱਟ ਹੋਵੇ। ਇਸ ਸੀਮਾ ਨੂੰ ਉਨ੍ਹਾਂ ਦੇ ਨਾਂ ’ਤੇ ‘ਚੰਦਰਸ਼ੇਖਰ ਸੀਮਾ’ ਦਾ ਨਾਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੇ ਤਾਰੇ ਦਾ ਪੁੰਜ ਇਸ ਸੀਮਾ ਨੂੰ ਪਾਰ ਕਰਦਾ ਹੋਵੇ ਤਾਂ ਉਹ ਸਫੇਦ ਵਾਮਨ ਨਹੀਂ ਬਣਦਾ। ਉਹ ਗੁਰੂਤਾਕਰਸ਼ਣ ਅਧੀਨ ਬਹੁਤ ਤੇਜ਼ੀ ਨਾਲ ਸੁੰਗੜਦਾ ਹੈ ਅਤੇ ਅਤਿ ਅਧਿਕ ਘਣਤਾ ਵਾਲੀ ਵਸਤੂ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਅਤਿ ਅਧਿਕ ਘਣਤਾ ਅਤੇ ਦਬਾਉ ਅਧੀਨ ਇੱਕ ਜ਼ਬਰਦਸਤ ਵਿਸਫੋਟ ਨਾਲ ਇਹ ਫਟ ਜਾਂਦਾ ਹੈ। ਇਹ ਵਿਸਫੋਟ ‘ਸੁਪਰਨੋਵਾ’ ਕਹਾਉਂਦਾ ਹੈ। ਬਾਹਰੀ ਸ਼ੈੱਲ ਟੁਕੜੇ-ਟੁਕੜੇ ਹੋ ਕੇ ਪੁਲਾੜ ਵਿੱਚ ਖਿੰਡ-ਪੁੰਡ ਜਾਂਦਾ ਹੈ। ਪਿੱਛੇ ਸਿਰਫ਼ ਕੋਰ ਹੀ ਰਹਿ ਜਾਂਦੀ ਹੈ। ਜੇ ਤਾਰੇ ਦਾ ਮੁੱਢਲਾ ਪੁੰਜ 1.44 ਤੋਂ 5 ਸੂਰਜੀ ਪੁੰਜਾਂ ਤੱਕ ਹੋਵੇ ਤਾਂ ਕੋਰ ਨਿਊਟਰਾਨ ਤਾਰਾ (ਨਿਊਟਰਾਨ ਸਟਾਰ) ਬਣ ਜਾਂਦੀ ਹੈ ਅਤੇ ਜੇ ਇਹ ਸੂਰਜੀ ਪੁੰਜਾਂ ਤੋਂ ਜ਼ਿਆਦਾ ਹੋਵੇ ਤਾਂ ਇਹ ਕਾਲਾ ਛੇਕ (ਬਲੈਕ ਹੋਲ) ਬਣਦੀ ਹੈ।
400 ਤਕਰੀਬਨ ਪਰਚੇ ਅਤੇ ਅਨੇਕਾਂ ਕਿਤਾਬਾਂ ਛਪੀਆਂ। ‘ਨਿਊਟਨਜ਼ ਪ੍ਰਿੰਸੀਪੀਆ ਫਾਰ ਦਿ ਕੌਮਨ ਰੀਡਰ’ (Newton’s Principia for the 3ommon Reader) ਉਨ੍ਹਾਂ ਦੀ ਆਖਰੀ ਕਿਤਾਬ ਸੀ ਜੋ ਉਨ੍ਹਾਂ ਨੇ 85 ਸਾਲ ਦੀ ਉਮਰ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਮਹੀਨਿਆਂ ਵਿੱਚ ਲਿਖੀ। ਇਸ ਕਿਤਾਬ ਦੇ ਛਪਣ ਤੋਂ ਜਲਦੀ ਬਾਅਦ ਹੀ 21 ਅਗਸਤ 1995 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਹ ਮਹਾਨ ਵਿਗਿਆਨੀ ਇਸ ਫਾਨੀ ਦੁਨੀਆ ਤੋਂ ਹਮੇਸ਼ਾ ਲਈ ਵਿਦਾ ਹੋ ਗਿਆ।
This article uses material from the Wikipedia ਪੰਜਾਬੀ article ਸੁਬਰਾਮਨੀਅਮ ਚੰਦਰਸ਼ੇਖਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.