ਡਾ.
ਅਮਰਜੀਤ ਕੌਂਕੇ (ਜਨਮ : 27 ਅਗਸਤ 1964), ਪੰਜਾਬੀ ਅਤੇ ਹਿੰਦੀ ਕਵੀ, ਅਨੁਵਾਦਕ ਅਤੇ ਸਾਹਿਤਕ ਮੈਗਜ਼ੀਨ "ਪ੍ਰਤਿਮਾਨ" ਦੇ ਸੰਪਾਦਕ ਹਨ। ਅਮਰਜੀਤ ਕੌਂਕੇ ਸਾਲ 2016 ਲਈ ਸਾਹਿਤ ਅਕਾਦਮੀ , ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਹਨ।
ਡਾ.ਅਮਰਜੀਤ ਕੌਂਕੇ | |
---|---|
ਜਨਮ | ਜ਼ਿਲ੍ਹਾ ਲੁਧਿਆਣਾ, ਭਾਰਤੀ (ਪੰਜਾਬ) | 27 ਅਗਸਤ 1964
ਕਿੱਤਾ | ਕਵੀ,ਸੰਪਾਦਕ ਅਤੇ ਅਨੁਵਾਦਕ |
ਭਾਸ਼ਾ | ਪੰਜਾਬੀ |
ਸਿੱਖਿਆ | ਐੱਮ.ਏ. (ਪੰਜਾਬੀ), ਪੀ. ਐੱਚ. ਡੀ. |
ਸ਼ੈਲੀ | ਕਵਿਤਾ |
ਵਿਸ਼ਾ | ਸਮਾਜਕ ਸਰੋਕਾਰ |
ਜੀਵਨ ਸਾਥੀ | ਸ਼੍ਰੀਮਤੀ ਕੌਕੇ |
ਬੱਚੇ | ਬੇਟਾ ਗਗਨਦੀਪ ਸਿੰਘ ਪੁੱਤਰੀ ਓਮਨਾ |
ਰਿਸ਼ਤੇਦਾਰ | ਪਿਤਾ ਸ. ਪ੍ਰੀਤਮ ਸਿੰਘ ਮਾਤਾ ਸ੍ਰੀਮਤੀ ਸਤਵੰਤ ਕੌਰ |
ਅਮਰਜੀਤ ਕੌਂਕੇ ਦਾ ਜਨਮ ਪਿਤਾ ਸਰਦਾਰ ਪ੍ਰੀਤਮ ਸਿੰਘ ਤੇ ਮਾਤਾ ਸ਼੍ਰੀਮਤੀ ਸਤਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਉਸਦਾ ਪਿਤਾ ਲੁਧਿਆਣਾ ਵਿਚ ਇਕ ਪ੍ਰਾਈਵੇਟ ਫੈਕਟਰੀ ਵਿਚ ਕਲਰਕ ਸੀ। ਇਕ ਮੱਧ ਵਰਗੀ ਪਰਿਵਾਰ ਵਿਚ ਜਨਮੇ ਹੋਣ ਕਾਰਨ ਉਸ ਦਾ ਵਾਹ ਬਚਪਨ ਤੋਂ ਹੀ ਤੰਗੀਆਂ ਤੁਰਸ਼ੀਆਂ ਨਾਲ ਪੈ ਗਿਆ।
ਉਹ ਆਪਣੀ ਪੜ੍ਹਾਈ ਗਿਆਰਵੀਂ ਤੱਕ ਹੀ ਸਕੂਲ ਵਿਚ ਰੈਗੂਲਰ ਕਰ ਸਕਿਆ ਤੇ ਬਾਅਦ ਵਿਚ ਉਸਨੇ ਪ੍ਰਾਈਵੇਟ ਤੌਰ ਤੇ ਗਿਆਨੀ, ਬੀ. ਏ., ਐਮ.ਏ.,ਬੀ., ਐੱਡ ਅਤੇ ਪੀ. ਐਚ ਡੀ ਦੀਆਂ ਡਿਗਰੀਆਂ ਹਾਸਿਲ ਕੀਤੀਆਂ। ਨਿਟਿੰਗ ਟੈਕਨਾਲੋਜੀ ਵਿਚ ਡਿਪਲੋਮਾ ਕਰ ਕੇ ਉਹ ਸਰਕਾਰੀ ਸਿੱਖਿਆ ਵਿਭਾਗ ਵਿਚ ਅਧਿਆਪਕ ਲੱਗ ਗਿਆ।
ਅਮਰਜੀਤ ਕੌਕੇ ਆਪਣੇ ਬਚਪਨ ਵਿੱਚ ਹੰਢਾਈਆਂ ਤੰਗੀਆਂ ਤੁਰਸ਼ੀਆਂ ਦੇ ਦਰਦ ਨੂੰ ਆਪਣੀਆਂ ਕਵਿਤਾਵਾਂ ਵਿਚ ਥਾਂ ਥਾਂ ਤੇ ਲਿਖਦਾ ਹੈ। ਇਸੇ ਦਰਦ ਦੇ ਚਲਦਿਆਂ ਉਸ ਦਾ ਵਾਹ ਕਵਿਤਾ ਨਾਲ ਪੈ ਗਿਆ। ਉਸਨੇ ਆਪਣੀ ਉਦਾਸੀ ਨੂੰ ਸ਼ਬਦਾਂ ਤੇ ਕਵਿਤਾ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਅਮਰਜੀਤ ਕੌਂਕੇ ਦੀਆਂ ਪਹਿਲੇ ਦੌਰ ਦੀਆਂ ਕਵਿਤਾਵਾਂ ਗਹਿਰੀ ਉਦਾਸੀ ਦੀ ਬਾਤ ਪਾਉਂਦੀਆਂ ਹਨ। ਇਹਨਾਂ ਕਵਿਤਾਵਾਂ ਵਿੱਚ ਉਹ ਜਿੰਦਗੀ 'ਚ ਕਾਮਯਾਬ ਹੋਣ ਲਈ ਸ਼ੰਘਰਸ ਦੀ ਬਾਤ ਪਾਉਂਦਾ ਪ੍ਰਤੀਤ ਹੁੰਦਾ ਹੈ। ਤੰਗੀਆਂ ਤੁਰਸ਼ੀਆਂ, ਬੇ-ਰੋਜ਼ਗਾਰੀ, ਰਿਸ਼ਤਿਆਂ ਦੀ ਕੜਵਾਹਟ ਅਤੇ ਹੋਰ ਅਨੇਕਾਂ ਸਮਸਿਆਵਾਂ ਦਾ ਦੁੱਖ ਉਹ ਆਪਣੀਆਂ ਨਜ਼ਮਾਂ ਵਿੱਚ ਕਰਦਾ ਹੈ।
“ਮੇਰਾ ਬਚਪਨ ਇੱਕ ਕੈਕਟਸ ਵਾਂਗ ਸੀ ਜਿਸ ਦੀਆਂ ਜੜ੍ਹਾਂ ਨੂੰ ਪਾਣੀ ਨਸੀਬ ਨਹੀਂ ਹੁੰਦਾ, ਰੁੱਖੀ ਹਵਾ, ਬਲਦੀ ਦੁਪਹਿਰ, ਅਣਸੁਖਾਵਾਂ ਮੌਸਮ...ਪਰ ਫੇਰ ਵੀ ਉਸ ਕੈਕਟਸ ਤੇ ਇੱਕ ਨਿੱਕਾ ਜਿਹਾ ਫੁੱਲ ਖਿੜ ਪੈਂਦਾ ਹੈ...ਕਵਿਤਾ ਦਾ ਫੁੱਲ......!”
—ਅਮਰਜੀਤ ਕੌਕੇ
ਅਮਰਜੀਤ ਕੌਕੇ ਨੇ ਆਪਣੀ ਕਲਮ ਦੁਆਰਾ ਜਿੰਦਗੀ ਦਾ ਹਰ ਪਹਿਲੂ ਛੋਹਿਆ ਹੈ। ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਕਵੀ ਹੈ।
ਉਹ ਆਪਣੇ ਪਿੰਡ ਨੂੰ, ਪਿੰਡ ਦੇ ਲੋਕਾਂ ਨੂੰ, ਰਿਸ਼ਤਿਆਂ ਨੂੰ, ਦੂਰ ਰਹਿ ਗਏ ਘਰ ਨੂੰ, ਘਰ ਦੀਆਂ ਭੁਰਦੀਆਂ ਕੰਧਾਂ ਨੂੰ ਸ਼ਿਦਤ ਨਾਲ ਯਾਦ ਕਰਦਾ ਹੈ।
ਅਮਰਜੀਤ ਕੌਂਕੇ ਨੇ ਹੁਣ ਤੱਕ 7 ਪੰਜਾਬੀ ਕਾਵਿ- ਸੰਗ੍ਰਹਿ ਦਾਇਰਿਆਂ ਦੀ ਕਬਰ 'ਚੋਂ, ਨਿਰਵਾਣ ਦੀ ਤਲਾਸ਼ 'ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ, ਅਤੇ ਪਿਆਸ, ਪੰਜ ਹਿੰਦੀ ਕਾਵਿ ਸੰਗ੍ਰਹਿ, ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਨ ਦੌੜ, ਬਨ ਰਹੀ ਹੈ ਨਈ ਦੁਨੀਆ, ਆਕਾਸ਼ ਕੇ ਪੰਨੇ ਪਰ ਅਤੇ ਪੰਜ ਪੁਸਤਕਾਂ ਬੱਚਿਆਂ ਲਈ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ ਜਿਹਨਾਂ ਵਿਚ " ਕੁੱਕੜੂੰ ਘੜੂੰ ", "ਕੁੜੀਆਂ ਚਿੜੀਆਂ ", " ਵਾਤਾਵਰਣ ਬਚਾਅ ", " ਲੱਕੜ ਦੀ ਕੁੜੀ ', "ਮਖਮਲ ਦੇ ਪੱਤੇ " ਸ਼ਾਮਿਲ ਹਨ। ਅਮਰਜੀਤ ਕੌਂਕੇ ਨੇ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ ਅਤੇ ਕਈ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ। ਆਲੋਚਨਾ ਵਿਚ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਥੀਮਿਕ ਅਧਿਐਨ ਅਤੇ 1960 ਤੋਂ ਬਾਅਦ ਦੀ ਹਿੰਦੀ ਪੰਜਾਬੀ ਕਵਿਤਾ ਦਾ ਤੁਲਨਾਤਮਕ ਅਧਿਐਨ ਤੇ ਥੀਸਸ ਲਿਖੇ ਹਨ।
ਪਿੰਡ ਨਹੀਂ ਵਿਕ ਰਿਹਾ
ਪਿੰਡ ਦੇ ਬਹਾਨੇ ਮੇਰੇ ਪੁਰਖੇ ਵਿਕ ਰਹੇ ਨੇ
ਪੁਰਖਿਆਂ ਬਹਾਨੇ ਮੇਰੇ ਸੰਸਕਾਰ ਵਿਕ ਰਹੇ ਨੇ
ਇਸ ਧਰਤੀ ਤੋਂ ਤੁਰ ਗਏ
ਮੇਰੇ ਪਿਤਰਾਂ ਦੇ ਪਰਿਵਾਰ ਵਿਕ ਰਹੇ ਨੇ
ਖੋਹ ਲਵੋ ਮੈਥੋਂ
ਮੇਰੀਆਂ ਸਾਰੀਆਂ ਕਵਿਤਾਵਾਂ
ਤੇ ਮੈਨੂੰ ਉਹ ਬੇਚੈਨ ਅੱਗ ਦੇ ਦੇਵੋ
ਜੋ ਕਵਿਤਾ ਲਿਖਣ ਤੋਂ ਪਹਿਲਾਂ
ਮੇਰੇ ਅੰਦਰ ਸੁਲਘਦੀ ਹੈ...
ਇਸ ਪੁਸਤਕ ਦੇ ਤਿੰਨ ਹਿੱਸੇ ਹਨ ਤੇ ਇਸਦਾ ਸਾਂਝਾ ਨਾਂ ਹੈ ‘ਦਾਇਰਿਆਂ ਦੀ ਕਬਰ ‘ਚੋਂ ’। ਇਸ ਵਿੱਚ ਬਲਜੀਤ ਮੋਗਾ, ਅਮਰਜੀਤ ਕੌਂਕੇ ਅਤੇ ਸਵਰਨਜੀਤ ਸਵੀ ਨੇ ਨਜ਼ਮਾਂ ਦੀ ਰਚਨਾ ਕੀਤੀ ਹੈ। (ਓ) ਬਲਜੀਤ ਮੋਗਾ :- ਇਸਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿੱਚ ਇੱਕ ਤਾਜੇ ਫੁੱਟੇ ਚਸ਼ਮੇ ਦੀ ਤਾਜ਼ਗੀ ਤੇ ਅਮੀਰੀ ਹੈ। ਇਸ ਲਈ ਕੁੜੀ ਦਾ ਮੋਹ-ਵਿਰਾਗ ਹੀ ਦਾਇਰਾ ਹੈ। (ਅ) ਅਮਰਜੀਤ ਕੌਂਕੇ :- ਇਸ ਨੇ ਕਵਿਤਾ ਨੂੰ ਇੰਨੀ ਮੌਲਿਕਤਾ ਨਾਲ ਬਿਆਨ ਕੀਤਾ ਹੈ ਕਿ ਕਵਿਤਾ ਮੁੱਕਣ ਤੋਂ ਬਾਅਦ ਵੀ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ, ਵਿਆਕੁਲ ਪੈਰਾਂ ਦੀ ਆਵਾਜ਼ ਸੁਣਦੀ ਹੈ ਤੇ ਲੱਗਦਾ ਹੈ ਕਿ ਸ਼ਬਦਾਂ ਦੀ ਦਰਗਾਹ ਤੇ ਕੋਈ ਰੋਹ ਰਿਹਾ ਹੈ। ਇਸ ਲਈ ਮਾਂ ਦੀ ਮਮਤਾ ਹੀ ਦਾਇਰਾ ਹੈ। (ੲ) ਸਵਰਜੀਤ ਸਵੀ :- ਇਸ ਅਨੁਸਾਰ ‘ਜੋ ਹੈ’ ਉਸਦਾ ਯਥਾਰਥ ਹੈ ਤੇ ‘ਜੋ ਹੋਣਾ ਚਾਹੀਦਾ ਹੈ’ ਉਸ ਦਾ ਆਦਰਸ਼। ਇਸ ਯਥਾਰਥ ਤੇ ਆਦਰਸ਼ ਵਿਚਲਾ ਫਾਸਲਾ ਦਾਇਰਾ ਹੈ।
ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ‘ਨਿਰਵਾਣ ਦੀ ਤਲਾਸ਼ ‘ਚ’ ਮਨੁੱਖੀ ਪਛਾਣ ਦੀ ਸਮੱਸਿਆ ਨੂੰ ਕਈ ਰੂਪਾਂ ਚ ‘ਉਘਾੜਦੀ ਹੈ। ਜਿਵੇਂ ਚੰਗਾ ਭਲਾ ਮਨੁੱਖ ਕਈ ਵਾਰ ਬੇਪਛਾਣ ਹੋ ਜਾਂਦਾ ਹੈ। ਉਦੋਂ ਰਿਸ਼ਤਾ ਉਸਦੀ ਪਛਾਣ ਬਣਦਾ ਹੈ। ਇਸ ਵਿੱਚ ਕਵੀ ਨੇ ਮਨੁੱਖ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਬਾਰੇ ਗੱਲ ਕੀਤੀ ਹੈ। ਉਹ ਇਹ ਵੀ ਦੱਸਦਾ ਹੈ ਕਿ ਜਦੋਂ ਮਨੁੱਖ ਵਾਸਤਵਿਕਤਾ ਨਾਲ ਟਕਰਾਉਂਦਾ ਹੈ ਤਾਂ ਉਹ ਕਦੇ ਹਾਰਦਾ, ਕਦੇ ਟੁੱਟਦਾ ਤੇ ਕਦੇ ਖੁਰਦਾ ਹੈ। ਉਸਦੀ ਹਰ ਕਵਿਤਾ ਕੋਈ ਨਾ ਕੋਈ ਪ੍ਰਸ਼ਨ ਸਿਰਜਦੀ ਹੈ।
ਅਮਰਜੀਤ ਕੌਂਕੇ ਦੀਆਂ ਰਚਨਾਵਾਂ ਪੜ੍ਹ ਕੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਵਖਰੇਵਾਂ ਬਹੁਤ ਬਨਾਵਟੀ ਲਗਦਾ ਹੈ।ਬੇਕਿਨਾਰ ਹੋ ਕੇ ਵੀ ਉਹ ਕਿਸੇ ਥਾਂ ਹ੍ਮ੍ਕਿਨਾਰ ਹੋਇਆ ਜਾਪਦਾ ਹੈ।ਦੂਰ ਤੱਕ ਫੈਲਦਾ ਹੈ ਪਰ ਸੰਕੇਤ ਦੇ ਜਾਂਦਾ ਹੈ ਕਿ ਫੈਲਨ ਲਈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਜਰੂਰੀ ਨਹੀਂ.ਏਡੇ ਸੰਯੁਕਤ ਆਪੇ ਨਾਲ ਮੁਲਾਕਾਤ ਦੇਰ ਬਾਅਦ ਹੋਈ ਹੈ, ਇਸ ਲਈ ਕਿਸੇ ਚਿਰੀਂ ਵਿਛੜੇ ਦੇ ਮਿਲਣ ਦਾ ਅਹਿਸਾਸ ਜਾਗਦਾ ਹੈ- ਡਾ. ਹਰਿਭਜਨ ਸਿੰਘ
ਇਸ ਕਾਵਿ ਸੰਗ੍ਰਹਿ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਨਾਲ ਪੁਰਾਣੇ ਯੁੱਗ ਨੂੰ ਰੂਪਾਂਤ੍ਰਿਤ ਕਰਨਾ ਹੈ।
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਵੀ ਨੇ ‘ਮੈਂ, ਯਥਾਰਥ, ਪ੍ਰਕਿਤੀ ਦੇ ਚਿੰਨ੍ਹਾਂ ਨਾਲ ਦੂਜੀ ਫੈਂਟਸੀ, ਸਹਿਜ-ਸੁਹਜ, ਪਿਆਰ ਭਾਵਾਂ ਤੋਂ ਤੁਰ ਕੇ ਭੌਤਿਕ ਜਾਂ ਦੇਹ ਦੇ ਅਨੰਦ, ਵਿਸ਼ਵਾਸ-ਅਵਿਸ਼ਵਾਸ ਆਦਿ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1997 ਲਈ ਸਰਵੋਤਮ ਪੁਸਤਕ ਪੁਰਸਕਾਰ "ਮੋਹਨ ਸਿੰਘ ਮਾਹਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ।
ਇਸ ਵਿੱਚ ਸ਼ਾਮਿਲ ਕਵਿਤਾਵਾਂ ਵਿੱਚ ਕਵੀ ਨੇ ਜਿੰਦਗੀ ਦੇ ਬਹੁਪਸਾਰੀ ਸਰੋਕਾਰਾਂ ਨੂੰ ਦੂਰਦ੍ਰਿਸ਼ਟੀ ਨਾਲ ਰੂਪਮਾਨ ਕੀਤਾ ਹੈ। ਇਸ ਵਿੱਚ ਮਨੁੱਖ ਦੀ ਦਾਸਤਾਨ, ਉਸਦੇ ਆਂਤਰਿਕ ਸੰਬੰਧ, ਨਵੀਆਂ ਰਾਹਾਂ ਦੀ ਭਾਲ, ਮਾਨਵੀ ਰਿਸ਼ਤਿਆਂ, ਆਰਥਿਕ ਉੱਨਤੀ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਕਾਰਨ ਪੇਂਡੂ ਅਰਥਚਾਰੇ ਦਾ ਖੇਰੂ-ਖੇਰੂ ਹੋਣਾ, ਔਰਤ ਮਰਦ ਦੇ ਰਿਸ਼ਤੇ, ਭਟਕਦੀ ਮਨੁੱਖੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪ੍ਰਤੀਕਾਂ ਦੀ ਵਰਤੋ ਜਿਆਦਾ ਕੀਤੀ ਹੈ।
"ਪਿਆਸ" ਜਿੰਦਗੀ ਦੇ ਬਹੁਭਾਂਤ ਵਸਤੂ ਵਰਤਾਰਿਆਂ ਨਾਲ ਸੰਵਾਦ ਸਿਰਜਦੀ ਇੱਕ ਮਹੱਤਵਪੂਰਨ ਪੁਸਤਕ ਹੈ ਜਿਹੜੀ ਆਧੁਨਿਕ ਗਲੋਬਲੀ ਯੁਗ ਵਿੱਚ ਗੁਆਚ ਰਹੀ ਸੰਵੇਦਨਾ, ਪੂੰਜੀਵਾਦੀ ਪ੍ਰਬੰਧ ਵਿੱਚ ਪਿਸ ਰਹੇ ਆਮ ਇਨਸਾਨ ਦੀ ਹੋਣੀ, ਤੇ ਦਿਨੋ ਦਿਨ ਟੁੱਟ ਰਹੇ ਰਿਸ਼ਤਿਆਂ ਤੇ ਬੇਗਾਨਗੀ ਦੀ ਬਾਤ ਪਾਉਂਦੀ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2014 ਲਈ ਸਰਵੋਤਮ ਪੁਸਤਕ ਪੁਰਸਕਾਰ " ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ ਹੈ।
This article uses material from the Wikipedia ਪੰਜਾਬੀ article ਅਮਰਜੀਤ ਕੌਂਕੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.