ਜਨੇਊ ਰੋਗ ਚਮੜੀ ਦੀ ਇਸ ਬਿਮਾਰੀ ਦਾ ਅੰਗਰੇਜ਼ੀ ਨਾਮ ਹੈ- ‘ਹਰਪੀਜ਼ ਜੋਸਟਰ’ (Herpes zoster) ਜਿਸ ਨੂੰ ‘ਸ਼ਿੰਗਲਸ’ (shingles) ਵੀ ਕਿਹਾ ਜਾਂਦਾ ਹੈ। ਵਾਇਰਸ ਦੀ ਇਹ ਇਨਫੈਕਸ਼ਨ ਸੁਖਮਣਾ ਨਾੜੀ ‘ਚੋਂ ਨਿਕਲਣ ਵਾਲੀਆਂ ਨਾੜੀਆਂ ਦੀਆਂ ਜੜ੍ਹਾਂ (ਨਰਵ ਰੂਟ) ਤੋਂ ਸ਼ੁਰੂ ਹੋ ਕੇ ਆਮ ਕਰ ਕੇ ਪਸਲੀਆਂ ਦੇ ਨਾਲ-ਨਾਲ ਚੱਲਦੀ ਹੈ। ਪਹਿਲਾਂ ਜਨੇਊ ਵਾਂਗ ਇੱਕ ਲਾਈਨ ਜਾਂ ਪੱਟੀ ਦੇ ਆਕਾਰ ਵਿੱਚ ਦਾਣੇ ਨਿਕਲਦੇ ਹਨ ਜੋ ਬਾਅਦ ‘ਚ ਛਾਲੇ ਬਣ ਜਾਂਦੇ ਹਨ। ਇਹ ਇੱਕ ਇਨਫੈਕਸ਼ਨ ਵਾਲਾ ਰੋਗ ਹੈ।
ਜਨੇਊ ਰੋਗ (ਹਰਪੀਜ਼ ਜੋਸਟਰ) | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਰੋਗ ਡੇਟਾਬੇਸ (DiseasesDB) | 29119 |
ਮੈੱਡਲਾਈਨ ਪਲੱਸ (MedlinePlus) | 000858 |
ਈ-ਮੈਡੀਸਨ (eMedicine) | med/1007 derm/180 emerg/823 oph/257 ped/996 |
ਇਹ ਰੋਗ ਇੱਕ ਵਾਇਰਸ ਕਰ ਕੇ ਹੁੰਦਾ ਹੈ ਜਿਸ ਦਾ ਨਾਮ ਹੈ- ‘ਵੀ.ਜੈੱਡ.ਵੀ.’ ਜਾਂ ‘ਵੇਰੀਸੈਲਾ ਜੋਸਟਰ ਵਾਇਰਸ’ (varicella zoster virus) ਆਮ ਕਰ ਕੇ ਇਸ ਦੇ ਰੋਗੀ ਨੂੰ ਬਚਪਨ ਵੇਲੇ ਛੋਟੀ ਮਾਤਾ (ਚਿਕਨ ਪੌਕਸ) ਨਿਕਲੀ ਹੁੰਦੀ ਹੈ। ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਪ੍ਰਣਾਲੀ ਵਾਇਰਸ ਨੂੰ ਕਈਆਂ ਥਾਵਾਂ ਤੋਂ ਤਾਂ ਕੱਢ ਦਿੰਦੀ ਹੈ ਪਰ ਸੁਖਮਨਾ ਨਾੜੀ ਜਿੱਥੋਂ ਉਗਣ ਵਾਲੀ ਕਿਸੇ ਨਾੜੀ ਦੀ ਜੜ੍ਹ ਹੁੰਦੀ ਹੈ, ਉੱਥੇ ਕਈ ਵਾਰ ਇਹ ਵਾਇਰਸ ਸੁੱਤਾ ਪਿਆ ਰਹਿੰਦਾ ਹੈ ਅਤੇ 50-60 ਸਾਲ ਦੀ ਉਮਰ ਤੋਂ ਬਾਅਦ, '‘ਜਨੇਊ ਰੋਗ'’ ਦੇ ਰੂਪ ਵਿੱਚ ਕਿਰਿਆਸ਼ੀਲ ਹੋ ਜਾਂਦਾ ਹੈ। ਪੋਸਟ ਮਾਰਟਮ ਤੋਂ ਬਾਅਦ ਇਸ ਵਾਇਰਸ ਨੂੰ ਭਾਵੇਂ ਨਾੜੀਆਂ ਵਿੱਚੋਂ ਲੱਭ ਲਿਆ ਜਾਂਦਾ ਹੈ ਪਰ ਵਿਅਕਤੀ ਦੀ ਜ਼ਿੰਦਗੀ ਦੌਰਾਨ ਸੁੱਤੇ ਪਏ ਇਸ ਨੂੰ ਲੱਭਣ ਲਈ ਅਜੇ ਤਕ ਕੋਈ ਟੈਸਟ ਕਾਰਗਰ ਸਾਬਤ ਨਹੀਂ ਹੋਇਆ ਹੈ। ਵੱਡੀ ਉਮਰ ‘ਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘਟਣ ਅਤੇ ਕਮਜ਼ੋਰ ਹੋਣ ਕਾਰਨ ਇਮਿਊਨੋ-ਸਪ੍ਰੈਸਿਵ ਇਲਾਜ, ਮਨੋਵਿਗਿਆਨਕ ਦਬਾਅ ਜਾਂ ਕਿਸੇ ਹੋਰ ਕਾਰਨ ਸੁੱਤਾ ਪਿਆ ਇਹ ਦੁਸ਼ਮਣ ‘ਵੇਰੀਸੈਲਾ ਜੋਸਟਰ ਵਾਇਰਸ’ ਇੱਕ ਵਾਰ ਫਿਰ ਜਾਗ ਪੈਂਦਾ ਹੈ।
ਇਸ ਰੋਗ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਇਸ ਦਾ ਟੀਕਾਕਰਨ ਹੈ। 50- 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ 2006 ਵਿੱਚ ‘ਐਡਵਾਇਜਰੀ ਕਮੇਟੀ ਆਨ ਇਮੂਨਾਇਜੇਸ਼ਨ ਪ੍ਰੈਕਟਿਸਜ’ ਨੇ ਸ਼ਿੰਗਲਸ ਵੈਕਸੀਨ ਜਾਂ ‘ਜੋਸਟਾ-ਵੈਕਸ’ ਦੀ ਸਿਫ਼ਾਰਸ਼ ਕੀਤੀ ਸੀ। ਇਹ ਟੀਕਾਕਰਨ ਉਹਨਾਂ ਵਾਸਤੇ ਵੀ ਹੈ ਜਿਹਨਾਂ ਨੂੰ ਪਹਿਲਾਂ ਛੋਟੀ ਮਾਤਾ ਹੋ ਚੁੱਕੀ ਹੈ ਤਾਂ ਕਿ ਉਹ ਜਨੇਊ ਰੋਗ ਦਾ ਸ਼ਿਕਾਰ ਨਾ ਹੋਣ। ਭਾਰਤ ਵਿੱਚ ਇਹ ਵੈਕਸੀਨ ਅਜੇ ਸ਼ੁਰੂਆਤੀ ਸਟੇਜ ‘ਤੇ ਹੀ ਹੈ। ਅਮਰੀਕਾ ਵਿੱਚ ਇਸ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ ਅਤੇ 59 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ। ਜਨੇਊ ਰੋਗ ਇੱਕ ਤੋਂ ਦੂਜੇ ਵਿਅਕਤੀ ਤਕ ਨਹੀਂ ਫੈਲਦਾ ਜਦੋਂਕਿ ਜਨੇਊ ਵਾਲੇ ਰੋਗੀ ਤੋਂ ਵਾਇਰਸ ਤੰਦਰੁਸਤ ਵਿਅਕਤੀ ਤਕ ਫੈਲ ਕੇ ਛੋਟੀ ਮਾਤਾ ਦੇ ਦਾਣੇ ਹੋ ਸਕਦੇ ਹਨ ਪਰ ਜਿਸ ਨੂੰ ਪਹਿਲਾਂ ਕਦੇ ਛੋਟੀ ਮਾਤਾ ਨਾ ਹੋਈ ਹੋਵੇ, ਉਸ ਨੂੰ ਸਿੱਧੇ ਤੌਰ ‘ਤੇ ਜਨੇਊ ਨਹੀਂ ਹੋ ਸਕਦਾ। ਛਾਲੇ ਬਣਨ ਤੋਂ ਪਹਿਲਾਂ ਅਤੇ ਖਰੀਂਡ ਬਣਨ ਤੋਂ ਬਾਅਦ ਇਹ ਵਾਇਰਸ ਇੱਕ ਤੋਂ ਦੂਜੇ ਵਿਅਕਤੀ ਤਕ ਨਹੀਂ ਫੈਲਦਾ। ਰੋਗੀ ਦੇ ਛਾਲਿਆਂ ‘ਚੋਂ ਨਿਕਲਣ ਵਾਲੇ ਪਾਣੀ ਵਿੱਚ ਹੀ ਵਾਇਰਸ ਹੁੰਦੇ ਹਨ ਜੋ ਦੂਜੇ ਵਿਅਕਤੀ ਤਕ ਫੈਲਦੇ ਹਨ। ਇਹ ਛਿੱਕਾਂ, ਖੰਘ ਜਾਂ ਮਾੜੇ-ਮੋਟੇ ਛੂਹਣ ਨਾਲ ਨਹੀਂ ਫੈਲਦਾ। ਇੱਕ ਵਾਰ ਖਰੀਂਡ ਬਣ ਜਾਵੇ ਤਾਂ ਵੀ ਇਸ ਵਿੱਚੋਂ ਇਨਫੈਕਸ਼ਨ ਵਾਲਾ ਵਾਇਰਸ ਨਹੀਂ ਨਿਕਲਦਾ। ਭਾਵੇਂ ਵਾਇਰਸ ਓਹੀ ਹੁੰਦਾ ਹੈ, ਫਿਰ ਵੀ ਛੋਟੀ ਮਾਤਾ ਵੇਲੇ ਇਹ ਬੇਹੱਦ ਤੇਜ਼ੀ ਨਾਲ ਫੈਲਣ ਦੇ ਸਮਰੱਥ ਹੁੰਦਾ ਹੈ ਜਦੋਂਕਿ ਜਨੇਊ ਦੇ ਛਾਲਿਆਂ ਚੋਂ ਇੰਨੀ ਜਲਦੀ ਨਹੀਂ ਫੈਲਦਾ। ਛਾਲਿਆਂ ਨੂੰ ਢਕ ਕੇ ਰੱਖਣ ਨਾਲ ਵੀ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਜਨੇਊ ਰੋਗ ਦੇ ਇਲਾਜ ਲਈ ਰੋਗੀ ਨੂੰ ਖਾਣ ਲਈ ਦਰਦ-ਨਿਵਾਰਕ ਦਵਾਈਆਂ ਅਤੇ ਇਨਫੈਕਸ਼ਨ ਤੋਂ ਬਚਣ ਲਈ ਐਂਟੀ-ਬਾਇਓਟਿਕਸ ਦੀ ਵਰਤੋਂ ਦੱਸੀ ਜਾਂਦੀ ਹੈ। ਦਾਣਿਆਂ ਜਾਂ ਛਾਲਿਆਂ ‘ਤੇ ਲਗਾਉਣ ਵਾਸਤੇ ਕੈਲਾਮੀਨ ਲੋਸ਼ਨ, ਨੀਲੀ ਦਵਾਈ (ਜੈਨਸ਼ੀਅਨ ਵਾਇਲੈਟ) ਜੋ ਪਹਿਲੇ ਸਮਿਆਂ ਵਿੱਚ ਆਮ ਅਤੇ ਕਈ ਥਾਵਾਂ ‘ਤੇ ਹੁਣ ਵੀ ਵਰਤੀ ਜਾਂਦੀ ਹੈ, ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਠੰਢੀਆਂ ਪੱਟੀਆਂ ਵੀ ਕੀਤੀਆਂ ਜਾਂਦੀਆਂ ਹਨ। ਕਈ ਤਰ੍ਹਾਂ ਦੀਆਂ ਐਂਟੀ-ਵਾਇਰਲ ਦਵਾਈਆਂ ਵੀ ਮਿਲਦੀਆਂ ਹਨ ਪਰ ਇਨ੍ਹਾਂ ਸਾਰੇ ਇਲਾਜਾਂ ਦੇ ਬਾਵਜੂਦ ਵੀ ਬਹੁਤਾ ਫ਼ਰਕ ਨਹੀਂ ਪੈਂਦਾ ਅਤੇ ਜ਼ੁਕਾਮ ਵਾਂਗ ਇਹ ਰੋਗ ਵੀ ਆਪਣੇ ਪੂਰੇ ਦਿਨ (7 ਤੋਂ 15 ਤਕ) ਚੱਲਦਾ ਹੈ ਜਿਸ ਦੌਰਾਨ ਰੋਗੀ ਬੜੀ ਤਕਲੀਫ਼ ਵਿੱਚ ਰਹਿੰਦਾ ਹੈ।
This article uses material from the Wikipedia ਪੰਜਾਬੀ article ਜਨੇਊ ਰੋਗ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.