ਚਾਣਕੇ ਜਾਂ ਚਾਣਕਿਆ (pronunciation (ਮਦਦ·ਫ਼ਾਈਲ); ਤਕਰੀਬਨ 370–283 ਈਪੂ) ਇੱਕ ਭਾਰਤੀ, ਦਾਰਸ਼ਨਿਕ ਅਤੇ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ। ਉਹ ਕੌਟਿਲਿਆ ਨਾਮ ਨਾਲ ਵੀ ਪ੍ਰਸਿੱਧ ਹੈ। ਉਸ ਨੇ ਨੰਦਵੰਸ਼ ਦਾ ਨਾਸ਼ ਕਰ ਕੇ ਚੰਦਰਗੁਪਤ ਮੌਰੀਆ ਨੂੰ ਰਾਜਾ ਬਣਾਇਆ। ਉਸ ਦੀ ਰਚਨਾ ਅਰਥ ਸ਼ਾਸਤਰ ਰਾਜਨੀਤੀ ਅਤੇ ਸਮਾਜਕ ਨੀਤੀ ਆਦਿ ਦਾ ਮਹਾਨ ਗ੍ਰੰਥ ਹੈ। ਇਸ ਨੂੰ ਮੌਰੀਆਕਾਲੀਨ ਭਾਰਤੀ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ।
ਚਾਣਕੇ | |
---|---|
ਜਨਮ | ਤਕਰੀਬਨ 370 ਈਪੂ |
ਮੌਤ | ਤਕਰੀਬਨ 283 ਈਪੂ ਪਾਟਲੀਪੁੱਤਰ |
ਹੋਰ ਨਾਮ | ਕੌਟਲਿਆ, ਵਿਸ਼ਨੂੰਗੁਪਤ |
ਅਲਮਾ ਮਾਤਰ | ਤਕਸ਼ਿਲਾ |
ਪੇਸ਼ਾ | ਆਚਾਰੀਆ; ਚੰਦਰਗੁਪਤ ਮੌਰੀਆ ਦਾ ਸਲਾਹਕਾਰ |
ਲਈ ਪ੍ਰਸਿੱਧ | ਮੌਰੀਆ ਸਲਤਨਤ ਦੀ ਨੀਂਹ ਰੱਖਣਾ |
ਜ਼ਿਕਰਯੋਗ ਕੰਮ | ਅਰਥਸ਼ਾਸਤਰ (ਲੇਖਕ ਹੋਣ ਸੰਬੰਧੀ ਵਿਵਾਦ), ਚਾਣਕ ਨੀਤੀ |
ਜਨਮ ਲੈਣ ਵੇਲੇ ਬੱਤੀ ਦੰਦ ਹੋਣ ਕਰ ਕੇ ਉਸ ਨਾਲ ਅਨੇਕਾਂ ਮਿੱਥਾਂ ਜੁੜ ਗਈਆਂ। ਲੋਕ ਵਿਸ਼ਵਾਸ ਮੁਤਾਬਕ ਬੱਤੀ ਦੰਦਾਂ ਸਮੇਤ ਜਨਮ ਲੈਣ ਵਾਲੇ ਦਾ ਵੱਡਾ ਹੋ ਕੇ ਰਾਜਾ ਬਣਨਾ ਨਿਸ਼ਚਿਤ ਸੀ। ਉਸ ਸਮੇਂ ਕਿਸੇ ਰਿਸ਼ੀ ਘਰ ਜਨਮ ਲੈਣ ਵਾਲੇ ਦਾ ਰਾਜਾ ਬਣਨਾ ਮੁਨਾਸਿਬ ਨਹੀਂ ਸੀ ਮੰਨਿਆ ਜਾਂਦਾ ਜਿਸ ਕਰ ਕੇ ਉਸ ਦੀ ਬੱਤੀਸੀ ਤੋੜ ਦਿੱਤੀ ਗਈ। ਲੋਕਾਂ ਦਾ ਵਿਸ਼ਵਾਸ ਸੀ ਕਿ ਬੱਤੀਸੀ ਕੱਢਣ ਤੋਂ ਬਾਅਦ ਚਾਣਕਿਆ ਰਾਜ ਤਾਂ ਕਰੇਗਾ ਪਰ ਉਸ ਦੀ ਪ੍ਰਤੀਨਿਧਤਾ ਕੋਈ ਹੋਰ ਕਰੇਗਾ। ਉਸ ਦਾ ਅਸਲੀ ਨਾਂ ਭਾਵੇਂ ਵਿਸ਼ਨੂ ਗੁਪਤ ਸੀ ਪਰ ਉਹ ਚਾਣਕਿਆ ਜਾਂ ਕੌਟੱਲਿਆ ਕਰ ਕੇ ਵਧੇਰੇ ਮਸ਼ਹੂਰ ਹੋਇਆ। ਸੰਸਾਰ ਪ੍ਰਸਿੱਧ ਇਸ ਨੀਤੀਘਾੜੇ ਦਾ ਜਨਮ ਅਣਵੰਡੇ ਪੰਜਾਬ ਦੀ ਧਰਤੀ, ਤਕਸ਼ਿਲਾ ਤਹਿਸੀਲ ਵਿੱਚ ਹੋਇਆ, ਜਿਸ ਨੂੰ ਬੋਧੀਆਂ ਦਾ ਸਭ ਤੋਂ ਵੱਡਾ ਵਿਸ਼ਵ-ਵਿਦਿਆਲਾ ਹੋਣ ਦਾ ਮਾਣ ਹਾਸਲ ਹੈ। ਹਿੰਦੁਸਤਾਨ ਦੀ ਵੰਡ ਤੋਂ ਬਾਅਦ ਉਸ ਦੀ ਜਨਮ ਭੋਇੰ ਲਹਿੰਦੇ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਆ ਗਈ। ਤਕਸ਼ਿਲਾ, ਪਾਕਿਸਤਾਨ ਦੀ ਰਾਜਧਾਨੀ, ਇਸਲਾਮਾਬਾਦ ਤੋਂ ਕੇਵਲ 32 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਤਰ੍ਹਾਂ ਸੰਸਾਰ ਦੇ ਸਭ ਤੋਂ ਪ੍ਰਾਚੀਨ ਗ੍ਰੰਥ, ਰਿਗਵੇਦ ਵਾਂਗ ‘ਚਾਣਕ-ਨੀਤੀ’ ਅਤੇ ‘ਅਰਥ-ਸ਼ਾਸਤਰ’ ਵੀ ਪੰਜਾਬ ਦੀ ਜ਼ਰਖ਼ੇਜ਼ ਭੂਮੀ ‘ਤੇ ਹੀ ਰਚੇ ਗਏ ਮੰਨੇ ਜਾਂਦੇ ਹਨ। ਪ੍ਰਸਿੱਧ ਵਿਆਕਰਨੀ ਪਾਣਨੀ ਵੀ ਇਸੇ ਵਿਸ਼ਵ-ਵਿਦਿਆਲੇ ਦਾ ਵਿਦਿਆਰਥੀ ਸੀ।
ਚਣਕਯ ਰਿਸ਼ੀ ਦੇ ਵੰਸ਼ ਵਿੱਚ ਪੈਦਾ ਹੋਣ ਵਾਲਾ, ਚਾਣਕਿਆ ਦਿੱਬ ਦ੍ਰਿਸ਼ਟੀ ਦਾ ਸਵਾਮੀ ਸੀ ਜਿਹੜਾ ਦੂਜਿਆਂ ਦੇ ਦਿਲਾਂ ਵਿਚਲੇ ਵਿੰਗ-ਵਲੇਵਿਆਂ ਦਾ ਅਕਸ ਅੱਖਾਂ ਵਿੱਚ ਉਤਾਰ ਲੈਂਦਾ ਸੀ। ਉਹ ਚੰਦਰ ਗੁਪਤ ਮੌਰੀਆ ਮੌਰੀਆਵੰਸ਼ੀ ਰਾਜ ਦਾ ਵਿਧਾਤਾ ਤੇ ਮਹਾਨ ਨੀਤੀਘਾੜਾ ਸੀ। ਉਸ ਨੇ ਆਪਣੀ ਲਿਆਕਤ ਅਤੇ ਚਤੁਰਾਈ ਸਦਕਾ ਨੰਦ ਵੰਸ਼ ਨੂੰ ਤਬਾਹ ਕਰ ਕੇ ਚੰਦਰ ਗੁਪਤ ਨੂੰ ਮਹਾਰਾਜਾ ਬਣਾਉਣ ਦਾ ਆਪਣਾ ਸੰਕਲਪ ਪੂਰਾ ਕੀਤਾ। ਚੰਦਰ ਗੁਪਤ ਮੌਰੀਆ ਨੇ ਪੰਜਾਬੀਆਂ ਦੇ ਕੌਮੀ ਜਜ਼ਬੇ ਨੂੰ ਉਭਾਰ ਕੇ ਯੂਨਾਨੀਆਂ ਦੀ ਮਹਾਂਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਮੌਰੀਆ ਵੰਸ਼ ਦਾ ਰਾਜ ਲਗਪਗ ਡੇਢ ਸੌ ਸਾਲ ਰਿਹਾ। ਇਸ ਘਰਾਣੇ ਦਾ ਸਭ ਤੋਂ ਵੱਧ ਪਰਤਾਪੀ ਰਾਜਾ ਅਸ਼ੋਕ (273-232 ਪੂਰਵ ਈਸਵੀ) ਹੋਇਆ ਹੈ। ਮੌਰੀਆ ਵੰਸ਼ ਦੇ ਰਾਜ-ਭਾਗ ਦੀਆਂ ਮਜ਼ਬੂਤ ਨੀਂਹਾਂ ਚਿਣਨ ਵਾਲਾ ਚਾਣਕਿਆ ਹੀ ਸੀ।
ਮੁਦਰਾਰਾਕਸ਼ਸ ਦੇ ਅਨੁਸਾਰ ਇਨ੍ਹਾਂ ਦਾ ਅਸਲੀ ਨਾਮ ਚਾਣਕਿਆ ਸੀ। ਵਿਸ਼ਣੁਪੁਰਾਣ, ਭਾਗਵਤਪੁਰਾਣ ਆਦਿ ਪੁਰਾਣਾਂ ਅਤੇ ਕਥਾਸਰਿਤਸਾਗਰ ਆਦਿ ਸੰਸਕ੍ਰਿਤ ਗ੍ਰੰਥਾਂ ਵਿੱਚ ਤਾਂ ਚਾਣਕਿਆ ਦਾ ਨਾਮ ਆਉਂਦਾ ਹੈ। ਬੋਧੀ ਗਰੰਥਾਂ ਵਿੱਚ ਵੀ ਇਸ ਦੀ ਕਥਾ ਬਰਾਬਰ ਮਿਲਦੀ ਹੈ। ਚਾਣਕਿਆ ਦਾ ‘ਅਰਥ-ਸ਼ਾਸਤਰ’ ਮੌਰੀਆ ਕਾਲੀਨ ਸ਼ਾਸਨ-ਪ੍ਰਣਾਲੀ, ਰਾਜੇ ਦੇ ਕਰਤੱਵਾਂ, ਸ਼ਕਤੀਆਂ ਅਤੇ ਨਿਆਂ-ਪ੍ਰਣਾਲੀ ਆਦਿ ਬਾਰੇ ਰੋਸ਼ਨੀ ਪਾਉਂਦਾ ਹੈ। ਰਾਜੇ ਦੀਆਂ ਸ਼ਕਤੀਆਂ ਅਤੇ ਵਿਸ਼ੇਸ਼ਤਾਵਾਂ ਬਾਰੇ ਉਹ ਲਿਖਦਾ ਹੈ, ਰਾਜ ਵਿਸਥਾਰ ਲਈ ਉਸ ਨੂੰ ਅਜਿਹਾ ਜਚਾਉਣਾ ਚਾਹੀਦਾ ਹੈ ਜਿਵੇਂਕਿ ਉਹ ਧਰਮ ਯੁੱਧ ਲਈ ਕਰ ਰਿਹਾ ਹੈ। ਕੌਟਿਲਯ ਦੀ ਇਹ ਕੁਟਿਲਨੀਤੀ ਹਰ ਸਮੇਂ ‘ਤੇ ਢੁਕਦੀ ਹੈ। ਉਸ ਵੱਲੋਂ ਪਾਈ ਧਰਮ ਅਤੇ ਰਾਜਨੀਤੀ ਦੀ ਪੀਢੀ ਗੰਢ ਕਈ ਸਦੀਆਂ ਬੀਤਣ ਬਾਅਦ ਵੀ ਨਹੀਂ ਖੁੱਲ੍ਹ ਸਕੀ। ਮੌਰੀਆ ਵੰਸ਼ ਦੇ ਪਤਨ ਤੋਂ ਬਾਅਦ ਚਾਣਕਿਆ ਵੱਲੋਂ ਰਚੇ ਸ਼ਲੋਕ ਅਤੇ ਸੂਤਰ ਇਸ ਰਾਜ-ਭਾਗ ਦੇ ਖੰਡਰਾਤ ਹੇਠਾਂ ਦੱਬੇ ਗਏ। ਇਹ ਅਮੁੱਲਾ ਜ਼ਖ਼ੀਰਾ ਕਈ ਸਦੀਆਂ ਬਾਅਦ, ਸੰਨ 1915 ਵਿੱਚ ਹੱਥ ਲੱਗਿਆ ਤਾਂ ਸੰਸਾਰ ਪੱਧਰ ‘ਤੇ ਇਸ ਦੀ ਚਰਚਾ ਛਿੜ ਪਈ। ਪਹਿਲੇ ਗ੍ਰੰਥ ਵਿੱਚ ਅਰਥ ਨਾਲ ਸਬੰਧਤ ਸੂਤਰ ਹਨ, ਜਦਕਿ ਦੂਜੇ ਵਿੱਚ ਸ਼ਲੋਕ। ਇਸ ਵਿੱਚ 17 ਅਧਿਆਏ ਅਤੇ 333 ਸ਼ਲੋਕ ਹਨ। ਮੌਰੀਆ ਸਲਤਨਤ ਦੇ ਅਸਲ ਉਸਰੱਈਏ ਮੰਨੇ ਜਾਣ ਵਾਲੇ ਚਾਣਕਿਆ ਨੂੰ ਰਾਜਨੀਤੀ ਲਈ ਕੁਟਿਲਨੀਤੀ ਦੇ ਮੋਢੀਆਂ ਵਿੱਚ ਗਿਣਿਆ ਜਾਂਦਾ ਹੈ। ਉਸ ਦੇ ਕਈ ਵਿਚਾਰਾਂ ਨਾਲ ਮੱਤਭੇਦ ਹੋਣ ਦੇ ਬਾਵਜੂਦ ਚਾਣਕਿਆ-ਨੀਤੀ ਦੇ ਅਣਗਿਣਤ ਸ਼ਲੋਕ ਲੋਕ-ਮੁਹਾਵਰਿਆਂ ਦੇ ਹਾਣ ਦੇ ਹਨ ਜਿਹਨਾਂ ‘ਤੇ ਯੁੱਗਗ਼ਰਦੀ ਦਾ ਕੋਈ ਅਸਰ ਨਹੀਂ ਹੋਇਆ।
ਅਰਥ ਸ਼ਾਸਤਰ ਸ਼ਾਸਨ ਕਲਾ ਬਾਰੇ, ਇੱਕ ਰਾਜ ਨੂੰ ਚਲਾਣ ਦੇ ਢੰਗ ਬਾਰੇ, ਇੱਕ ਉੱਚੇਰੇ ਉਦੇਸ਼ ਤੋਂ ਸੁਚੇਤ, ਸਪਸ਼ਟ ਅਤੇ ਆਪਣੇ ਨੁਸਖਿਆਂ ਵਿੱਚ ਸਟੀਕ, ਰਾਜ ਚਲਾਣ ਦੇ ਵਿਵਹਾਰਕ ਅਨੁਭਵ ਵਿੱਚੋਂ ਬਣਿਆ ਇੱਕ ਗੰਭੀਰ ਕਿਤਾਬਚਾ ਹੈ। ਇਹ ਸਿਰਫ ਇੱਕ ਆਦਰਸ਼ਮੂਲਕ ਪਾਠ ਨਹੀਂ ਹੈ ਸਗੋਂ ਰਾਜ ਚਲਾਣ ਦੀ ਕਲਾ ਦਾ ਯਥਾਰਥਵਾਦੀ ਵਰਣਨ ਹੈ।
- ਸ਼ਿਵ ਸ਼ੰਕਰ ਮੇਨਨ, ਰਾਸ਼ਟਰੀ ਸੁਰੱਖਿਆ ਸਲਾਹਕਾਰ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਚਾਣਕਿਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.